ਨਵੀਂ ਦਿੱਲੀ: ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਜਿੱਥੇ ਅੱਧੀ ਰਾਤ ਨੂੰ ਵਿਦਿਆਰਥਣਾਂ 'ਤੇ ਲਾਠੀਚਾਰਜ ਕਰਨ ਵਾਲੇ ਸਿਰਫ਼ ਦੋ ਅਧਿਕਾਰੀਆਂ 'ਤੇ ਕਾਰਵਾਈ ਕੀਤੀ ਗਈ ਹੈ, ਉੱਥੇ ਹੀ 1200 ਵਿਦਿਆਰਥੀਆਂ 'ਤੇ ਕੇਸ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਵਿੱਚ ਬੀ.ਐਚ.ਯੂ. ਦੇ ਨੇੜਲੇ ਇਲਾਕੇ ਐਸ.ਓ. ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ। ਉਸ ਦੀ ਜਗ੍ਹਾ ਜੈਤਪੁਰਾ ਦੇ ਥਾਣਾ ਮੁਖੀ ਨੂੰ ਇਸ ਇਲਾਕੇ ਦਾ ਚਾਰਜ ਦੇ ਦਿੱਤਾ ਗਿਆ ਹੈ।

ਲੰਕਾ ਥਾਣਾ ਭੇਲੂਪੁਰ ਸਰਕਲ ਵਿੱਚ ਆਉਂਦਾ ਹੈ। ਭੇਲੂਪੁਰ ਦੇ ਸਰਕਲ ਅਫ਼ਸਰ ਨਿਵੇਸ਼ ਕਟਿਆਰ ਨੂੰ ਵੀ ਹਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵਾਰਾਣਸੀ ਦੇ ਮੈਜਿਸਟ੍ਰੇਟ ਪ੍ਰਥਮ ਸੁਸ਼ੀਲ ਕੁਮਾਰ ਗੋਂਡ ਦਾ ਕਾਰਜਭਾਰ ਤਬਦੀਲ ਕਰ ਦਿੱਤਾ ਹੈ।

ਅੰਦੋਲਨ ਸ਼ਾਂਤ ਪਰ ਸਿਆਸਤ ਭਖ਼ੀ-

ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦਾ ਅੰਦੋਲਨ ਥੋੜ੍ਹਾ ਸ਼ਾਂਤ ਹੋ ਗਿਆ ਹੈ ਪਰ ਇਸ ਮੁੱਦੇ 'ਤੇ ਸਿਆਸਤ ਲਗਾਤਾਰ ਗਰਮ ਹੋ ਰਹੀ ਹੈ। ਵਾਰਾਣਸੀ ਤੋਂ ਲੈ ਕੇ ਦਿੱਲੀ ਤੱਕ ਬੀ.ਐਚ.ਯੂ. ਵਿੱਚ ਵਿਦਿਆਰਥਣਾਂ 'ਤੇ ਕੀਤੇ ਲਾਠੀਚਾਰਜ ਦਾ ਸਖ਼ਤ ਵਿਰੋਧ ਹੋ ਰਿਹਾ ਹੈ। ਦਿੱਲੀ ਵਿੱਚ ਕਾਂਗਰਸ ਤੇ ਬਨਾਰਸ ਯੂਨੀਵਰਿਸਟੀ ਦੇ ਬਾਹਰ ਏ.ਬੀ.ਵੀ.ਪੀ. ਨੇ ਵਿਰੋਧ ਪ੍ਰਦਰਸ਼ਨ ਕੀਤਾ।

ਇਸ ਮਾਮਲੇ ਨੂੰ ਵਾਚਣ ਲਈ ਅੱਜ ਸਮਾਜਵਾਦੀ ਪਾਰਟੀ ਆਪਣਾ 8 ਮੈਂਬਰੀ ਵਫ਼ਦ ਵਾਰਾਣਸੀ ਭੇਜੇਗੀ। ਬੀਤੇ ਦਿਨੀਂ ਕਾਂਗਰਸ ਨੇਤਾਵਾਂ ਨੂੰ ਬੀ.ਐਚ.ਯੂ. ਦੇ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਸੀ।



ਬੀਤੇ ਦਿਨ ਕਾਂਗਰਸ ਦੇ ਕੱਦਵਾਰ ਨੇਤਾ ਦਿੱਗਵਿਜੈ ਸਿੰਘ ਤੇ ਸੀਤਾਰਾਮ ਯੇਚੁਰੀ ਨੇ ਇਸ ਲਾਠੀਚਾਰਜ ਦੀ ਨਿੰਦਾ ਕੀਤੀ ਸੀ। ਇਸ ਤੋਂ ਬਾਅਦ ਹੁਣ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਇਹ ਭਗਵਾ ਪਾਰਟੀ ਦਾ ਤਰੀਕਾ। ਇਸ ਘਟਨਾ 'ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਜਾਂਚ ਦੇ ਹੁਕਮ ਦੇ ਦਿੱਤੇ ਹਨ ਤੇ ਰਿਪੋਰਟ ਮੰਗੀ ਹੈ।

ਕੁਲਪਤੀ ਨੇ ਹਿੰਸਾ ਲਈ ਬਾਹਰੀ ਲੋਕਾਂ ਨੂੰ ਠਹਿਰਾਇਆ ਜ਼ਿੰਮੇਵਾਰ

ਏ.ਬੀ.ਪੀ. ਨਿਊਜ਼ ਨਾਲ ਗੱਲਬਾਤ ਕਰਦਿਆਂ ਬੀ.ਐਚ.ਯੂ. ਦੇ ਕੁਲਪਤੀ ਗਿਰੀਸ਼ ਚੰਦਰ ਨੇ ਹਿੰਸਾ ਨੂੰ ਬਾਹਰੀ ਲੋਕਾਂ ਦੀ ਸਾਜਿਸ਼ ਦੱਸਿਆ। ਉਨ੍ਹਾਂ ਕਿਹਾ ਕਿ ਅੰਦੋਲਨ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਭੂਮਿਕਾ ਨਾਂਹ ਦੇ ਬਰਾਬਰ ਸੀ। ਹਾਲਾਂਕਿ, ਵੀ.ਸੀ. ਨੇ ਇਹ ਮੰਨਿਆ ਕਿ 21 ਸਤੰਬਰ ਨੂੰ ਇੱਕ ਕੁੜੀ ਨਾਲ ਛੇੜਖਾਨੀ ਦੀ ਘਟਨਾ ਹੋਈ ਸੀ ਤੇ ਇਸ ਦੀ ਸ਼ਿਕਾਇਤ ਥਾਣੇ ਵਿੱਚ ਦਰਜ ਕਰਵਾ ਦਿੱਤੀ ਗਈ ਸੀ।

ਦਿੱਲੀ ਵਿੱਚ ਅੱਜ ਹੋਵੇਗਾ ਪ੍ਰਦਰਸ਼ਨ

ਬੀ.ਐਚ.ਯੂ. ਵਿੱਚ ਵਿਦਿਆਰਥਣਾਂ 'ਤੇ ਲਾਠੀਚਾਰਜ ਕਰਨ ਦੇ ਵਿਰੋਧ ਵਿੱਚ ਵਿਦਿਆਰਥੀ ਸੰਗਠਨ ਐਨ.ਐਸ.ਯੂ.ਆਈ. ਅੱਜ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦਾ ਘਿਰਾਓ ਕਰੇਗੀ ਤੇ ਆਮ ਆਦਮੀ ਪਾਰਟੀ ਦਾ ਵਿਦਿਆਰਥੀ ਵਿੰਗ ਦਿੱਲੀ ਯੂਨੀਵਰਸਿਟੀ ਵਿੱਚ ਇਸ ਘਟਨਾ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰੇਗਾ।

ਕਿਓਂ ਹੋਇਆ ਸੀ ਪ੍ਰਦਰਸ਼ਨ

ਦਰਅਸਲ, ਕੈਂਪਸ ਦੀਆਂ ਵਿਦਿਆਰਥਣਾਂ ਆਪਣੇ ਨਾਲ ਹੋ ਰਹੀ ਛੇੜਖਾਨੀ ਦੇ ਵਿਰੋਧ ਵਿੱਚ ਰੋਸ ਮੁਜ਼ਾਹਰਾ ਕਰ ਰਹੀਆਂ ਸਨ। ਰੋਜ਼ ਵਧ ਰਹੀ ਛੇੜਖਾਨੀ ਦਾ ਵਿਰੋਧ ਕਰਨ ਲਈ ਬੈਚੂਲਰ ਆਫ਼ ਫਾਈਨ ਆਰਟਸ ਦੀ ਵਿਦਿਆਰਥਣ ਅਕਾਂਕਸ਼ਾ ਨੇ ਆਪਣਾ ਸਿਰ ਤਕ ਮੁੰਨ ਲਿਆ ਸੀ। ਉਸ ਦੇ ਸਮਥਨ ਵਿੱਚ ਯੂਨੀਵਰਸਿਟੀ ਦੀਆਂ ਕਾਫੀ ਕੁੜੀਆਂ ਤੇ ਮੁੰਡੇ ਨਿੱਤਰ ਆਏ ਸਨ।

ਵਿਦਿਆਰਥਣਾਂ ਨੇ ਦੋਸ਼ ਲਾਇਆ ਕਿ ਕੈਂਪਸ ਦੇ ਬਾਹਰ ਵਾਲੇ ਮੁੰਡਿਆਂ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਹੈ। ਛੇੜਖਾਨੀ ਕਰਨ ਵਾਲਿਆਂ ਦੀ ਹਿੰਮਤ ਇੰਨੀ ਵਧ ਗਈ ਹੈ ਕਿ ਉਹ ਕੁੜੀਆਂ ਦੇ ਹੋਸਟਲ ਵਿੱਚ ਰੋੜੇ ਵੀ ਮਾਰਦੇ ਹਨ। ਇਹ ਨਹੀਂ ਕਿ ਇਨ੍ਹਾਂ ਕੁੜੀਆਂ ਨੇ ਕਿਸੇ ਨੂੰ ਸ਼ਿਕਾਇਤ ਨਹੀਂ ਕੀਤੀ, ਉਨ੍ਹਾਂ ਦੱਸਿਆ ਕਿ ਡੀਨ ਤੋਂ ਲੈ ਕੇ ਪ੍ਰੋਫੈਸਰ ਤਕ ਸਾਰਿਆਂ ਨੂੰ ਸ਼ਿਕਾਇਤ ਕੀਤੀ ਪਰ ਕਿਸੇ ਨੇ ਬਹੁਤਾ ਧਿਆਨ ਨਹੀਂ ਦਿੱਤਾ ਗਿਆ।