ਨਵੀਂ ਦਿੱਲੀ: ਦੇਸ਼ ਦੀਆਂ ਸੜਕਾਂ 'ਤੇ ਹੋਣ ਵਾਲੀਆਂ ਕਰੀਬ 20 ਫੀਸਦੀ ਸੜਕ ਦੁਰਘਟਨਾਵਾਂ ਨਕਲੀ ਪੁਰਜ਼ਿਆਂ ਦੀ ਵਜ੍ਹਾ ਨਾਲ ਹੁੰਦੀਆਂ ਹਨ। ਇਹ ਦਾਅਵਾ ਫਿੱਕੀ ਕਾਸਕੇਡ ਦੀ ਰਿਪੋਰਟ ਵਿੱਚ ਕੀਤਾ ਗਿਆ ਹੈ। ਫਿੱਕੀ ਮੁਤਾਬਕ 80 ਫੀਸਦੀ ਗਾਹਕ ਮੰਨਦੇ ਹਨ ਕਿ ਉਹ ਅਸਲੀ ਉਤਪਾਦ ਵਰਤਦੇ ਹਨ। ਉਦਯੋਗ ਮੰਡਲ ਫਿੱਕੀ ਨੇ ਕਿਹਾ ਕਿ ਨਕਲੀ ਉਤਪਾਦਾਂ ਪ੍ਰਤੀ ਗਾਹਕਾਂ ਦੇ ਨਾਲ ਨਾਲ ਸਰਕਾਰ ਤੇ ਜਾਂਚ ਏਜੰਸੀਆਂ 'ਚ ਵੀ ਜਾਗਰੂਕਤਾ ਵਧਾਉਣ ਦੀ ਲੋੜ ਹੈ।


ਦੱਸ ਦਈਏ ਕਿ ਫਿੱਕੀ ਕਾਸਕੇਡ ਤਸਕਰੀ ਤੇ ਨਕਲੀ ਉਤਪਾਦਾਂ ਦੇ ਮੁੱਦੇ 'ਤੇ ਕੰਮ ਕਰਨ ਵਾਲਾ ਉਦਯੋਗ ਸੰਗਠਨ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਜਾਲਸਾਜ਼ੀ ਤੇ ਨਾਜਾਇਜ਼ ਕਾਰੋਬਾਰ ਨਾਲ ਸਰਕਾਰੀ ਖਜ਼ਾਨੇ ਨੂੰ ਵੀ ਵੱਡਾ ਘਾਟਾ ਪੈਂਦਾ ਹੈ। ਫਿੱਕੀ ਮੁਤਾਬਕ 20 ਫੀਸਦੀ ਹਾਦਸੇ ਨਕਲੀ ਪੁਰਜਿਆਂ ਕਾਰਨ ਹੀ ਵਾਪਰਦੇ ਹਨ। ਇੱਥੋਂ ਤੱਕ ਕਿ ਬਾਜ਼ਾਰ 'ਚ ਵਿਕਣ ਵਾਲੀਆਂ ਕਰੀਬ 30 ਫੀਸਦੀ ਐਫਐਮਸੀਜੀ ਵਸਤੂਆਂ ਵੀ ਨਕਲੀ ਹੁੰਦੀਆਂ ਹਨ।

ਫਿੱਕੀ ਕਾਸਕੇਡ ਦੇ ਅੰਦਾਜ਼ੇ ਮੁਤਾਬਕ ਜਾਅਲੀ ਤੇ ਤਸਕਰੀ ਦੇ ਬਾਜ਼ਾਰ ਨਾਲ ਸਰਕਾਰ ਨੂੰ 39,239 ਕਰੋੜ ਰੁਪਏ ਦੀ ਹਾਨੀ ਹੋਈ। ਤੰਬਾਕੂ ਉਤਪਾਦਾਂ ਨਾਲ 9,139 ਕਰੋੜ ਰੁਪਏ ਦਾ ਨੁਕਸਾਨ ਹੋਇਆ ਜਦਕਿ ਮੋਬਾਇਲ ਫੋਨ ਦੇ ਨਾਜਾਇਜ਼ ਕਾਰੋਬਾਰ ਨਾਲ 9,705 ਕਰੋੜ ਰੁਪਏ ਤੇ ਸ਼ਰਾਬ ਦੇ ਨਾਜ਼ਾਇਜ਼ ਕਾਰੋਬਾਰ ਨਾਲ 6,309 ਕਰੋੜ ਰੁਪਏ ਦਾ ਘਾਟਾ ਪਿਆ ਹੈ।