ਹੈਦਰਾਬਾਦ: ਵਿਵਾਦਤ ਬਿਆਨ ਦੇਣ ਲਈ ਜਾਣੇ ਜਾਂਦੇ ਤੇਲੰਗਾਨਾ ਦੇ ਬੀਜੇਪੀ ਵਿਧਾਇਕ ਟੀ ਰਾਜਾ ਸਿੰਘ ਇੱਕ ਵਾਰ ਫਿਰ ਵਿਵਾਦਾਂ 'ਚ ਘਿਰ ਗਏ ਹਨ। ਟੀ ਰਾਜਾ ਖਿਲਾਫ ਸੋਸ਼ਲ ਮੀਡੀਆ 'ਤੇ ਇਫ਼ਤਾਰ ਪਾਰਟੀ ਦੇ ਸੱਦੇ ਨੂੰ ਲੈ ਕੇ ਭੜਕਾਊ ਵੀਡੀਓ ਪੋਸਟ ਕਰਨ ਲਈ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਸਈਅਦ ਫਿਆਜ ਨੇ ਦੱਸਿਆ ਕਿ ਪੁਲਿਸ ਨੇ ਸੋਮਵਾਰ ਰਾਤ ਵਿਧਾਇਕ ਖਿਲਾਫ ਧਾਰਾ 153 ਏ ਤਹਿਤ ਮਾਮਲਾ ਦਰਜ ਕੀਤਾ ਹੈ।


ਦੱਸ ਦਈਏ ਕਿ ਟੀ ਰਾਜਾ ਨੇ ਵਿਵਾਦਤ ਬਿਆਨ ਦਿੰਦਿਆਂ ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕਰਦਿਆਂ ਕਿਹਾ, "ਤੇਲੰਗਾਨਾ ਸਹਿਤ ਕਈ ਜਨ ਪ੍ਰਤੀਨਿਧ ਇਫ਼ਤਾਰ ਦੀਆਂ ਦਾਅਵਤਾਂ 'ਚ ਰੁੱਝੇ ਹਨ ਪਰ ਮੈਂ ਨਾ ਤਾਂ ਇਫ਼ਤਾਰ ਦਾ ਪ੍ਰਬੰਧ ਕਰਦਾ ਹਾਂ ਤੇ ਨਾ ਹੀ ਇਫ਼ਤਾਰ 'ਚ ਸ਼ਿਰਕਤ ਕਰਦਾ ਹਾਂ।" ਉਨ੍ਹਾਂ ਕਿਹਾ, "ਜੋ ਇਫ਼ਤਾਰ 'ਚ ਸ਼ਾਮਲ ਹੁੰਦੇ ਹਨ, ਉਹ ਵੋਟਾਂ ਦੇ ਮੰਗਤੇ ਹਨ ਜਦਕਿ ਮੇਰੀ ਸੋਚ ਵੱਖਰੀ ਹੈ।" ਇੰਨਾ ਹੀ ਨਹੀਂ ਟੀ ਰਾਜਾ ਨੇ ਕਿਹਾ ਕਿ ਕੁਝ ਧਰਮ ਤੇ ਉਨ੍ਹਾਂ ਦੀਆਂ ਧਾਰਮਿਕ ਕਿਤਾਬਾਂ ਹਿੰਦੂਆਂ ਦੀ ਹੱਤਿਆ ਕਰਨ ਦਾ ਉਪਦੇਸ਼ ਦਿੰਦੀਆਂ ਹਨ ਕਿਉਂਕਿ ਉਹ ਕਾਫ਼ਰ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਲਈ ਮੈਂ ਕਿਵੇਂ ਇਫ਼ਤਾਰ ਦਾ ਪ੍ਰਬੰਧ ਕਰ ਸਕਦਾ ਹਾਂ ਜੋ ਹਿੰਦੂਆਂ ਨੂੰ ਮਾਰਨ ਦੀ ਗੱਲ ਕਰਦੇ ਹਨ।

ਵਿਧਾਇਕ ਨੇ ਇਹ ਵੀ ਕਿਹਾ ਕਿ ਭਾਰਤ 'ਚ ਅੱਤਵਾਦ ਫੈਲਾਉਣ ਲਈ ਹਰੀ ਕਿਤਾਬ ਜ਼ਿੰਮੇਵਾਰ ਹੈ ਤੇ ਇਸ 'ਤੇ ਪਾਬੰਦੀ ਲਾ ਦੇਣੀ ਚਾਹੀਦੀ ਹੈ। ਇਸ ਦੇ ਨਾਲ ਹੀ ਟੀ ਰਾਜਾ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰ ਸ਼ੇਖਰ ਰਾਵ 'ਤੇ ਵੱਖ-ਵੱਖ ਮਸਜਿਦਾਂ ਵਿੱਚ ਇਫ਼ਤਾਰ ਦਾ ਪ੍ਰਬੰਧ ਕਰਕੇ ਘੱਟ ਗਿਣਤੀਆਂ ਨੂੰ ਭਰਮਾਉਣ ਦਾ ਇਲਜ਼ਾਮ ਵੀ ਲਾਇਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਪੁਲਿਸ ਨੇ ਵਿਧਾਇਕ ਟੀ ਰਾਜਾ ਦੇ ਖਿਲਾਫ ਭੜਕਾਊ ਬਿਆਨ ਤੇ ਭਾਸ਼ਣ ਦੇਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ।

ਇਥੇ ਦੇਖੋ ਵੀਡੀਓ:

https://www.facebook.com/RajaSinghOfficial/videos/934970259997232/?t=12