ਠਾਣੇ/ਮੁੰਬਈ: ਆਰਐਸਐਸ ਵੱਲੋਂ ਦਾਇਰ ਮਾਨਹਾਨੀ ਮਾਮਲੇ 'ਚ ਪੇਸ਼ ਹੋਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੋਰਟ 'ਚ ਕਿਹਾ ਕਿ ਦੋਸ਼ੀ ਨਾ ਹੋਣ ਦੇ ਬਾਵਜੂਦ ਉਹ ਇਸ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਹਨ। ਦਰਅਸਲ ਰਾਹੁਲ ਗਾਂਧੀ ਨੇ ਇਕ ਰੈਲੀ 'ਚ ਮਹਾਤਮਾ ਗਾਂਧੀ ਦੀ ਹੱਤਿਆ ਲਈ ਆਰਐਸਐਸ ਨੂੰ ਜ਼ਿੰਮੇਵਾਰ ਠਹਿਰਾਇਆ ਸੀ।


ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਸਾਲ 2004 ਦੇ ਲੋਕ ਸਭਾ ਚੋਣਾਂ ਦੌਰਾਨ ਆਪਣੇ ਭਾਸ਼ਣ 'ਚ ਮਹਾਤਮਾ ਗਾਂਧੀ ਦੀ ਹੱਤਿਆ ਨੂੰ ਲੈ ਕੇ ਐਰਐਸਐਸ ਖਿਲਾਫ ਟਿੱਪਣੀ ਕਰਦਿਆਂ ਕਿਹਾ ਸੀ ਕਿ ਸੰਘ ਦੇ ਲੋਕਾਂ ਨੇ ਮਹਾਤਮਾ ਗਾਂਧੀ ਨੂੰ ਗੋਲੀ ਮਾਰੀ ਸੀ।

ਇਸ ਤੋਂ ਬਾਅਦ ਆਰਐਸਐਸ ਦੇ ਕਾਰਕੁਨ ਰਾਜੇਸ਼ ਕੁੰਟੇ ਵੱਲੋਂ ਰਾਹੁਲ ਗਾਂਧੀ ਦੇ ਖਿਲਾਫ ਮਾਨਹਾਨੀ ਦਾ ਮੁਕੱਦਮਾ ਦਾਇਰ ਕੀਤਾ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਰਾਹੁਲ ਦੇ ਇਸ ਬਿਆਨ ਨਾਲ ਆਰਐਸਐਸ ਦੇ ਵੱਕਾਰ ਨੂੰ ਨੁਕਸਾਨ ਪਹੁੰਚਿਆ ਹੈ। ਰਾਹੁਲ ਗਾਂਧੀ ਤੇ ਆਈਪੀਸੀ ਦੀ ਧਾਰਾ 499 ਤੇ 500 ਤਹਿਤ ਦੋਸ਼ ਤੈਅ ਕੀਤੇ ਗਏ ਹਨ। ਦੱਸ ਦਈਏ ਕਿ ਰਾਹੁਲ ਗਾਂਧੀ ਇਸ ਮਾਮਲੇ 'ਚ ਪਹਿਲਾਂ ਵੀ ਕੋਰਟ 'ਚ ਪੇਸ਼ ਹੋ ਚੁੱਕੇ ਹਨ।

ਸਾਲ 2016 ਦੇ ਨਵੰਬਰ ਮਹੀਨੇ 'ਚ ਸੁਣਵਾਈ ਦੌਰਾਨ ਭਿਵੰਡੀ ਦੀ ਕੋਰਟ ਨੇ ਸਾਬਕਾ ਕੇਂਦਰੀ ਮੰਤਰੀ ਸ਼ਿਵਰਾਜ ਪਾਟਿਲ ਵੱਲੋਂ ਜ਼ਮਾਨਤ ਦੇਣ ਤੋਂ ਬਾਅਦ ਰਾਹੁਲ ਗਾਂਧੀ ਨੂੰ ਜ਼ਮਾਨਤ ਦਿੱਤੀ ਸੀ। ਹਾਲਾਂਕਿ ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਨੂੰ ਕਿਹਾ ਸੀ ਕਿ ਜੇਕਰ ਉਹ ਆਪਣੇ ਬਿਆਨ ਤੇ ਖੇਦ ਜਤਾਉਣ ਤਾਂ ਮੁਕੱਦਮਾ ਇੱਥੇ ਹੀ ਖਤਮ ਕੀਤਾ ਜਾ ਸਕਦਾ ਹੈ ਪਰ ਰਾਹੁਲ ਨੇ ਇਸ ਨੂੰ ਮਨ੍ਹਾ ਕਰਦਿਆਂ ਆਪਣਾ ਪੱਖ ਰੱਖਣ ਦੀ ਗੱਲ ਆਖੀ ਸੀ।