ਨਵੀਂ ਦਿੱਲੀ: ਰਿਲਾਇੰਸ ਜੀਓ ਰੈਵੇਨਿਊ ਮਾਰਕੀਟ ਸ਼ੇਅਰ ਦੇ ਮਾਮਲੇ ’ਚ ਦੇਸ਼ ਦੀ ਤੀਜੀ ਵੱਡੀ ਟੈਲੀਕਾਮ ਕੰਪਨੀ ਬਣ ਗਈ ਹੈ।  ਇਸ ਦੌੜ ਵਿੱਚ ਜੀਓ ਨੇ ਬਿਰਲਾ ਸਮੂਹ ਦੀ ਦੂਰਸੰਚਾਰ ਕੰਪਨੀ ਆਈਡੀਆ ਸੈਲੂਲਰ ਨੂੰ ਪਛਾੜ ਦਿੱਤਾ ਹੈ। ਹੁਣ ਵੋਡਾਫੋਨ ਨੂੰ ਸਖ਼ਤ ਟੱਕਰ ਦੇ ਰਹੀ ਹੈ। ਇਕਨੌਮਿਕਸ ਟਾਈਜ਼ ਦੀ ਰਿਪੋਰਟ ਮੁਤਾਬਕ ਸਿਰਫ 19 ਮਹੀਨਿਆਂ ਵਿੱਚ ਮੁਕੇਸ਼ ਅੰਬਾਨੀ ਦੀ ਕੰਪਨੀ ਜੀਓ ਨੇ ਦੇਸ਼ ਵਿੱਚ ਟੈਲੀਕਾਮ ਦੇ 20 ਫ਼ੀਸਦੀ ਰੈਵੇਨਿਊ ਮਾਰਕੀਟ ਸ਼ੇਅਰ ’ਤੇ ਆਪਣਾ ਦਬਦਬਾ ਕਾਇਮ ਰੱਖਿਆ ਹੈ।


 

ਟਰਾਈ ਦੇ ਅੰਕੜਿਆਂ ਮੁਤਾਬਕ ਆਈਡੀਆ ਦਾ ਰੈਵੇਨਿਊ ਮਾਰਕੀਟ ਸ਼ੇਅਰ ਘਟ ਕੇ 16.5 ਫ਼ੀਸਦੀ ਰਹਿ ਗਿਆ ਹੈ। ਵੋਡਾਫੋਨ ਦੇ ਸ਼ੇਅਰ 21 ਫ਼ੀਸਦੀ ਵਧ ਗਏ ਹਨ ਤੇ ਏਅਰਟੈੱਲ ਵੀ ਵੱਡੀ ਛਾਲ ਮਾਰਦਿਆਂ 32 ਫ਼ੀਸਦੀ ਰੈਵੇਨਿਊ ਮਾਰਕੀਟ ਸ਼ੇਅਰ ’ਤੇ ਆ ਗਈ ਹੈ। ਭਾਰਤੀ ਏਅਰਟੈਲ ਨੂੰ ਇੰਟਰਾ ਸਰਕਲ ਰੋਮਿੰਗ ਪੈਕੇਟ ਤੋਂ ਟਾਟਾ ਟੈਲੀ ਸਰਵਿਸਿਜ਼ ਨਾਲ ਫਾਇਦਾ ਹੋਇਆ ਹੈ। ਏਅਰਟੈੱਲ ਨੇ ਟਾਟਾ ਟੈਲੀ ਸਰਵਿਸਿਜ਼ ਕੰਜ਼ਿਊਮਰ ਮੋਬਿਲਿਟੀ ਕਾਰੋਬਾਰ ਵੀ ਖ਼ਰੀਦ ਲਿਆ ਹੈ।

ਜੀਓ ਦੇ ਰੈਵੇਨਿਊ ਮਾਰਕੀਟ ਸ਼ੇਅਰ ਵਿੱਚ ਬਹੁਤ ਵਾਧਾ ਹੋਇਆ ਹੈ ਤੇ ਇਹ ਨੰਬਰ ਇੱਕ ਕੰਪਨੀ ਬਣ ਗਈ ਹੈ। ਖਾਸ ਗੱਲ ਇਹ ਹੈ ਕਿ ਇਸ ਮਹੀਨੇ ਵੋਡਾਫੋਨ ਤੇ ਆਈਡੀਆ ਦੇ ਰਲੇਵੇਂ ਤੋਂ ਬਾਅਦ ਇਹ 63 ਹਜ਼ਾਰ ਕਰੋੜ ਰੁਪਏ ਦੇ ਰੈਵੇਨਿਊ ਵਾਲੀ ਕੰਪਨੀ ਬਣ ਜਾਏਗੀ ਜਿਸ ਦਾ ਯੂਜ਼ਰ ਬੇਸ 430 ਮਿਲੀਅਨ ਹੋਵੇਗਾ। ਇਸ ਦੇ ਨਾਲ ਹੀ, ਵੋਡਾਫੋਨ ਤੇ ਆਈਡੀਆ ਮਾਰਕੀਟ ਲੀਡਰ ਬਣ ਕੇ ਉਭਰਨਗੀਆਂ, ਜਿਨ੍ਹਾਂ ਦਾ ਰੈਵੇਨਿਊ ਮਾਰਕੀਟ ਸ਼ੇਅਰ 37.5 ਫ਼ੀਸਦੀ ਹੋਵੇਗਾ। ਰਲੇਵੇਂ ਤੋਂ ਬਾਅਦ ਉਹ ਨੰਬਰ ਇੱਕ ਕੰਪਨੀ ਬਣ ਜਾਏਗੀ। ਏਅਰਟੈੱਲ ਦੂਜੇ ਤੇ ਜੀਓ ਤੀਜੇ ਨੰਬਰ ’ਤੇ ਹੋਣਗੀਆਂ।