ਚੰਡੀਗੜ੍ਹ: ਦੱਖਣੀ-ਪੱਛਮੀ ਮਾਨਸੂਨ ਦਾ ਪਹਿਲਾ ਗੇੜ ਕਮਜ਼ੋਰ ਪੈ ਗਿਆ ਹੈ ਪਰ ਇਸ ਕਾਰਨ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਜਾਂ ਉੱਤਰੀ-ਪੱਛਮੀ ਭਾਰਤ ਦੇ ਹੋਰ ਹਿੱਸਿਆਂ ’ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ। ਇਨ੍ਹਾਂ ਸੂਬਿਆਂ ਵਿੱਚ ਮੀਂਹ ਆਮ ਵਾਂਗ ਪੈਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਦੇ ਰਿਸਰਚ ਡਿਵੀਜ਼ਨ ’ਤੇ ਪੁਣੇ ਅਧਾਰਤ ਵਾਤਾਵਰਣ ਅਨੁਮਾਨ ਦੇ ਮੁਖੀ ਡਾ. ਡੀਐਸ ਪਾਈ ਨੇ ਦੱਸਿਆ ਕਿ ਜੂਨ ਦੇ ਆਖ਼ਰੀ ਹਫ਼ਤੇ ਵਿੱਚ 10 ਦਿਨਾਂ ਤੱਕ ਮਾਨਸੂਨ ਮੁੜ ਸੁਰਜੀਤ ਹੋਏਗਾ ਤੇ ਆਮ ਮੀਂਹ ਪੈਣ ਦੀ ਸੰਭਾਵਨਾ ਹੈ।

ਮਾਨਸੂਨ ਦੀ ਵਿਸ਼ੇਸ਼ਤਾ ਹੈ ਕਿ ਇਹ ਪੌਣਾਂ ਜਾਂ ਹਵਾਵਾਂ ਦੇ ਰੂਪ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਵੱਲ ਵਹਿੰਦਾ ਹੈ। ਇਸੇ ਖ਼ਾਸੀਅਤ ਕਰਕੇ ਇਹ ਸਾਰੇ ਦੇਸ਼ ਦੇ ਹਿੱਸਿਆਂ ਨੂੰ ਕਵਰ ਕਰ ਲੈਂਦਾ ਹੈ। ਜੇ ਅਜਿਹਾ ਨਹੀਂ ਹੁੰਦਾ ਤਾਂ ਇਸ ਦੀ ਰਫ਼ਤਾਰ ਕਮਜ਼ੋਰ ਹੋ ਕੇ ਢਿੱਲੀ ਪੈ ਜਾਂਦੀ ਹੈ ਤੇ ਪੌਣਾਂ ਮੱਧ ਭਾਰਤ ਦੇ ਹਿੱਸਿਆਂ ਤਕ ਨਹੀਂ ਪਹੁੰਚ ਪਾਉਂਦੀਆਂ।

ਮੌਸਮ ਵਿਭਾਗ ਦੇ ਮਾਡਲਾਂ ਮੁਤਾਬਕ ਜੂਨ ਦੇ ਆਖ਼ਰੀ ਹਫ਼ਤੇ ਤੋਂ 10 ਦਿਨ ਤਕ ਮਾਨਸੂਨ ਦੇ ਮੁੜ ਸੁਰਜੀਤ ਹੋਣ ਦੀ ਉਮੀਦ ਹੈ। ਉਦੋਂ ਤਕ ਇਹ ਕਮਜ਼ੋਰ ਪੜਾਅ ਵਿਚ ਹੀ ਰਹੇਗਾ।