ਮੁੰਬਈ ‘ਚ ਭਾਰੀ ਬਾਰਸ਼ ਨਾਲ ਪ੍ਰਭਾਵਿਤ ਲੋਕਾਂ ਨੂੰ ਕੱਢਣ ਲਈ ਜਲ ਸੈਨਾ ਨੇ ਮੋਰਚਾ ਸੰਭਾਲ ਲਿਆ ਹੈ। ਸਿਰਫ ਮੁੰਬਈ ‘ਚ ਬਾਰਸ਼ ਕਰਕੇ 21 ਲੋਕਾਂ ਦੀ ਮੌਤ ਹੋ ਗਈ ਜਦਕਿ ਪੂਰੇ ਮਹਾਰਾਸ਼ਟਰ ‘ਚ 35 ਲੋਕ ਭਾਰੀ ਬਾਰਸ਼ ਦਾ ਸ਼ਿਕਾਰ ਹੋ ਗਏ। ਆਵਾਜਾਈ ‘ਤੇ ਵੀ ਇਸ ਦਾ ਅਸਰ ਪਿਆ ਹੈ। ਕਈ ਟ੍ਰੇਨਾਂ ਤੇ ਉਡਾਣਾਂ ਨੂੰ ਕੈਂਸਲ ਕਰ ਦਿੱਤਾ ਗਿਆ ਹੈ।
ਉਧਰ, ਇਸ ਆਫਤ ਦੀ ਬਾਰਸ਼ ਕਰਕੇ ਰਤਨਾਗਿਰੀ ‘ਚ ਤਿਵਰੇ ਡੈਮ ਟੁੱਟ ਗਿਆ ਹੈ ਜਿਸ ਨਾਲ ਸੱਤ ਪਿੰਡ ਹੜ੍ਹ ਗਏ। ਇਸ ‘ਚ ਹੁਣ ਤਕ 6 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਦੇਰ ਰਾਤ ਡੈਮ ਅਚਾਨਕ ਟੁੱਟ ਗਿਆ।
ਸੋਮਵਾਰ-ਮੰਗਲਵਾਰ ਦੀ ਰਾਤ ਮੁੰਬਈ ਵਾਸੀਆਂ ਨੂੰ ਤਿੰਨ ਘੰਟੇ ‘ਚ ਹੀ ਕਰੀਬ 400 ਮਿਮੀ ਬਾਰਸ਼ ਦਾ ਸਾਹਮਣਾ ਕਰਨਾ ਪਿਆ। 1974 ਤੋਂ ਬਾਅਦ ਇਹ ਦੂਜਾ ਮੌਕਾ ਹੈ ਜਦੋਂ ਮੁੰਬਈ ‘ਚ 48 ਘੰਟਿਆਂ ‘ਚ 550 ਮਿਮੀ ਬਾਰਸ਼ ਹੋਈ ਹੈ। ਇਸ ਤੋਂ ਪਹਿਲਾਂ 26-27 ਜੁਲਾਈ 2005 ‘ਚ ਇੱਥੇ ਇੱਕ ਦਿਨ ‘ਚ ਸਭ ਤੋਂ ਜ਼ਿਆਦਾ 944 ਮਿਮੀ ਬਾਰਸ਼ ਹੋਈ ਸੀ।
ਭਾਰਤੀ ਜਲ ਸੈਨਾ ਨੇ ਬੀਐਮਸੀ ਦੇ ਇੱਕ ਵਾਰ ਅਪੀਲ ਕਰਨ ‘ਤੇ ਕਰਲਾ ‘ਚ ਬਾਰਸ਼ ਨਾਲ ਪ੍ਰਭਾਵਿਤ ਤੇ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਕਈ ਟੀਮਾਂ ਨੂੰ ਤਾਇਨਾਤ ਕੀਤਾ। ਉਨ੍ਹਾਂ ਨੇ ਸਥਾਨਕ ਲੋਕਾਂ ਦੀ ਮਦਦ ਨਾਲ 1000 ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਪਹੁੰਚਾ ਦਿੱਤਾ।
ਮੁੰਬਈ ‘ਚ ਹੋਈ ਬਾਰਸ਼ ਸ਼ਿਵ ਸੈਨਾ ਦੇ ਲਈ ਸ਼ਰਮਿੰਦਗੀ ਦਾ ਕਾਰਨ ਬਣ ਗਈ ਹੈ ਕਿਉਂਕਿ ਨਗਰ ਨਿਗਮ ਦੀ ਸੱਤਾਧਾਰੀ ਪਾਰਟੀ ਸ਼ਿਵ ਸੈਨਾ ਦੇ ਮੁਖੀ ਉਧਵ ਠਾਕਰੇ ਦੇ ਘਰ ਵੀ ਪਾਣੀ ਭਰ ਗਿਆ ਹੈ।