ਚੰਡੀਗੜ੍ਹ: ਕੇਂਦਰ ਤੇ ਸੂਬਾ ਸਰਕਾਰਾਂ ਤਹਿਤ ਆਉਣ ਵਾਲੇ ਵਿਭਾਗਾਂ ਤੇ ਦਫਤਰਾਂ ਵਿੱਚ ਇਸ ਸਮੇਂ 24 ਲੱਖ ਵੱਖ-ਵੱਖ ਆਸਾਮੀਆਂ ਖਾਲੀ ਹਨ। ਸੰਸਦ ਵਿੱਚ ਪੁੱਛੇ ਸਵਾਲਾਂ ਦੇ ਜਵਾਬ ਦਾ ਵਿਸ਼ਲੇਸ਼ਣ ਕਰਕੇ ਟਾਈਮਜ਼ ਆਫ ਇੰਡੀਆ ਨੇ ਆਪਣੀ ਪ੍ਰਕਾਸ਼ਤ ਖਬਰ ਵਿੱਚ ਇਹ ਦਾਅਵਾ ਕੀਤਾ ਹੈ। ਇਸ ਮੁਤਾਬਕ ਰਾਜ ਸਭਾ ਵਿੱਚ 8 ਫਰਵਰੀ ਨੂੰ ਦਿੱਤੇ ਗਏ ਸਵਾਲ ਦੇ ਜਵਾਬ ਵਿੱਚ ਹੁਣ ਤਕ ਦੀ ਸਭ ਤੋਂ ਵੱਡੀ ਗਿਣਤੀ ਹੈ। ਇਨ੍ਹਾਂ ਵਿੱਚੋਂ 9 ਲੱਖ ਆਸਾਮੀਆਂ ਪ੍ਰਾਈਮਰੀ ਸਕੂਲਾਂ ਦੇ ਅਧਿਆਪਕਾਂ ਤੇ 1.1 ਲੱਖ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਹਨ।
ਖਬਰ ਮੁਤਾਬਕ ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਸਰਵ ਸਿੱਖਿਆ ਅਭਿਆਨ ਵਿੱਚ ਵੱਡੀ ਗਿਣਤੀ ਵਿੱਚ ਆਸਾਮੀਆਂ ਖਾਲੀ ਹੋਣ ਦੇ ਇਲਾਵਾ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਸ਼ਾਸਨਿਕ ਵਿਭਾਗਾਂ ਵਿੱਚ ਵੱਡੀ ਸੰਖਿਆ ’ਚ ਆਸਾਮੀਆਂ ਖਾਲੀ ਹਨ। ਬਿਊਰੋ ਆਫ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸਿਵਲ ਤੇ ਡਿਸਟ੍ਰਿਕਟ ਆਰਮਡ ਪੁਲਿਸ ਵਿੱਚ ਕਰੀਬ 4.4 ਲੱਖ ਅਹੁਦੇ ਖਾਲੀ ਹਨ। 90 ਹਜ਼ਾਰ ਆਸਾਮੀਆਂ ਸੂਬਿਆਂ ਦੇ ਆਰਮਡ ਬਲ ਪੁਲਿਸ ਵਿੱਚ ਖਾਲੀ ਹਨ।
ਲੋਕਸਭਾ ਵਿੱਚ 18 ਜੁਲਾਈ ਨੂੰ ਦਿੱਤੇ ਸਵਾਲ ਦੇ ਜਵਾਬ ਵਿੱਚ ਜਾਣਕਾਰੀ ਦਿੱਤੀ ਗਈ ਕਿ ਦੇਸ਼ ਦੀਆਂ ਸਾਰੀਆਂ ਅਦਾਲਤਾਂ ਵਿੱਚ 5,800 ਆਸਾਮੀਆਂ ਖਾਲੀ ਹਨ।
ਇਸ ਦੇ ਨਾਲ ਹੀ ਰਾਜ ਸਭਾ ਵਿੱਚ 14, 19 ਮਾਰਚ ਤੇ 4 ਅਪਰੈਲ ਨੂੰ ਦਿੱਤੇ ਸਵਾਲਾਂ ਦੇ ਜਵਾਬ ਵਿੱਚ ਜਾਣਕਾਰੀ ਦਿੱਤੀ ਗਈ ਕਿ ਰੱਖਿਆ ਸੇਵਾ ਖੇਤਰ ਤੇ ਪੈਰਾ ਮਿਲਟਰੀ ਫੋਰਸ ਵਿੱਚ ਕਰੀਬ 1.2 ਲੱਖ ਆਸਾਮੀਆਂ ਖਾਲੀ ਹਨ। ਇਨ੍ਹਾਂ ਵਿੱਚੋਂ 61 ਹਜ਼ਾਰ ਆਸਾਮੀਆਂ ਪੈਰਾ ਮਿਲਟਰੀ ਫੋਰਸ ਵਿੱਚ ਖਾਲੀ ਹਨ।
ਭਾਰਤੀ ਰੇਲਵੇ ਵਿੱਚ ਗੈਰ ਗਜ਼ਟਿਡ ਮੁਲਾਜ਼ਮਾਂ ਦੀਆਂ 2.5 ਲੱਖ ਆਸਾਮੀਆਂ ਖਾਲੀ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਫਰਵਰੀ ਵਿੱਚ ਕਰੀਬ 89 ਹਜ਼ਾਰ ਆਸਾਮੀਆਂ ਭਰਨ ਲਈ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਸਨ।
ਦੇਸ਼ ਦੇ ਡਾਕ ਵਿਭਾਗ ਵਿੱਚ ਕਰੀਬ 54 ਹਜ਼ਾਰ ਆਸਾਮੀਆਂ ਖਾਲੀ ਹਨ। ਇਸ ਤੋਂ ਇਲਾਵਾ ਦੇਸ਼ ਵਿੱਚ ਸਿਹਤ ਖੇਤਰ ਵਿੱਚ ਵੀ 1.6 ਲੱਖ ਆਸਾਮੀਆਂ ਖਾਲੀ ਹਨ। 16 ਹਜ਼ਾਰ ਆਸਾਮੀਆਂ ਸਿਰਫ ਡਾਕਟਰਾਂ ਤੇ ਸਿਹਤ ਮਾਹਰਾਂ ਦੀਆਂ ਹਨ।