ਨਵੀਂ ਦਿੱਲੀ: ਭਾਰਤ ਵਿੱਚ ਫਿਰਕੂ ਹਿੰਸਾ ਵੱਡੀ ਸਮੱਸਿਆ ਹੈ। ਸਰਕਾਰ ਨੇ ਮੰਨਿਆ ਹੈ ਕਿ ਭਾਰਤ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ ਹੋਈ ਫਿਰਕੂ ਹਿੰਸਾ ਨਾਲ 300 ਲੋਕਾਂ ਦੀਆਂ ਜਾਨਾਂ ਗਈਆਂ ਹਨ। ਇਨ੍ਹਾਂ ਵਿੱਚ ਇਕੱਲੇ ਸਾਲ 2017 ਵਿੱਚ 111 ਲੋਕਾਂ ਦੀ ਮੌਤ ਹੋਈ ਹੈ।
ਗ੍ਰਹਿ ਰਾਜ ਮੰਤਰੀ ਹੰਸਰਾਜ ਅਹੀਰ ਨੇ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਰਾਜ ਸਭਾ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਾਲ 2017 ਵਿੱਚ ਫਿਰਕੂ ਹਿੰਸਾ ਦੀਆਂ 822 ਘਟਨਾਵਾਂ ਹੋਈਆਂ ਜਿਨ੍ਹਾਂ ਵਿੱਚ 111 ਲੋਕਾਂ ਦੀ ਮੌਤ ਹੋਈ ਤੇ 2384 ਜ਼ਖ਼ਮੀ ਹੋਏ।
ਸਾਲ 2017 ਵਿੱਚ ਉੱਤਰ ਪ੍ਰਦੇਸ਼ ਵਿੱਚ ਹੋਈਆਂ 195 ਫਿਰਕੀ ਘਟਨਾਵਾਂ ਵਿੱਚ ਸਭ ਤੋਂ ਜ਼ਿਆਦਾ 44 ਲੋਕਾਂ ਦੀ ਜਾਨ ਗਈ। ਇਸ ਤੋਂ ਬਾਅਦ ਰਾਜਸਥਾਨ ਦਾ ਨੰਬਰ ਰਿਹਾ ਜਿੱਥੇ 91 ਘਟਨਾਵਾਂ ਵਿੱਚ 12 ਲੋਕਾਂ ਦੀ ਮੌਤ ਹੋਈ।
ਸਾਲ 2016 ਵਿੱਚ ਦੇਸ਼ ਭਰ ਵਿੱਚ ਹੋਈਆਂ 703 ਫਿਰਕੂ ਹਿੰਸਾ ਦੀਆਂ ਘਟਨਾਵਾਂ ਵਿੱਚ 86 ਲੋਕਾਂ ਦੀ ਮੌਤ ਹੋਈ ਤੇ 2321 ਲੋਕ ਜ਼ਖ਼ਮੀ ਹੋ ਗਏ। ਮੰਤਰੀ ਨੇ ਦੱਸਿਆ ਕਿ ਸਾਲ 2015 ਵਿੱਚ ਦੇਸ਼ ਭਰ ਵਿੱਚ ਹੋਈਆਂ 751 ਫਿਰਕੂ ਹਿੰਸਾ ਦੀਆਂ ਘਟਨਾਵਾਂ ਵਿੱਚ 97 ਲੋਕਾਂ ਦੀ ਮੌਤ ਹੋਈ ਤੇ 2264 ਲੋਕ ਜ਼ਖ਼ਮੀ ਹੋਏ।