ਮੁੰਬਈ: ਚੂਹਾ ਘੁਟਾਲੇ ਤੋਂ ਬਾਅਦ ਮਹਾਰਾਸ਼ਟਰ ਵਿੱਚ ਇੱਕ ਹੋਰ ਅਜੀਬੋ ਗ਼ਰੀਬ ਘਪਲ਼ਾ ਸਾਹਮਣੇ ਆਇਆ ਹੈ। ਪਹਿਲਾਂ ਹੈਰਾਨੀਜਨਕ, ਚੂਹਾ ਮਾਰੋ ਘੁਟਾਲੇ ਵਿੱਚ ਫਸੀ ਮਹਾਰਾਸ਼ਟਰ ਸਰਕਾਰ ਹੁਣ ਇੱਕ ਅਜਿਹੇ ਘਪਲ਼ੇ ਵਿੱਚ ਫਸਦੀ ਨਜ਼ਰ ਆ ਰਹੀ ਹੈ, ਜੋ ਇਸ ਤੋਂ ਵੱਧ ਹੈਰਾਨਕੁੰਨ ਹੈ। ਸੂਬੇ ਵਿੱਚ ਹੁਣ ਚਾਹ ਘੁਟਾਲਾ ਹੋਇਆ ਹੈ, ਜਿਸ 'ਤੇ ਵਿਰੋਧੀ ਧਿਰ ਹਮਲਾਵਰ ਹੋ ਗਈ ਹੈ।

ਆਰ.ਟੀ.ਆਈ. ਤੋਂ ਮਿਲੀ ਜਾਣਕਾਰੀ ਤਹਿਤ ਪਿਛਲੇ ਤਿੰਨ ਸਾਲਾਂ ਵਿੱਚ ਮੁੱਖ ਮੰਤਰੀ ਦੇ ਦਫ਼ਤਰ ਵਿੱਚ ਚਾਹ ਦਾ ਖ਼ਰਚ 577 ਫ਼ੀ ਸਦ ਵਧ ਗਿਆ ਹੈ। 2017-18 ਵਿੱਚ ਮੁੱਖ ਮੰਤਰੀ ਦਫ਼ਤਰ ਨੇ ਚਾਹ 'ਤੇ ਹੀ 3 ਕਰੋੜ 34 ਲੱਖ ਰੁਪਏ ਖਰਚ ਕਰ ਦਿੱਤੇ। ਇਸ ਬੇਤਹਾਸ਼ਾ ਖਰਚ 'ਤੇ ਵਿਰੋਧੀ ਧਿਰ ਨੇ ਸਵਾਲ ਕੀਤਾ ਹੈ ਕਿ ਕੀ ਚੂਹੇ ਇੰਨੀ ਚਾਹ ਪੀ ਗਏ।

ਕੀ ਹੈ ਚੂਹਾ ਘੁਟਾਲਾ

ਸੂਚਨਾ ਦੇ ਅਧਿਕਾਰ ਤਹਿਤ ਮਿਲੀ ਜਾਣਕਾਰੀ ਮੁਤਾਬਕ ਮਹਾਰਾਸ਼ਟਰ ਸਰਕਾਰ ਨੇ ਜਿਸ ਕੰਪਨੀ ਨੂੰ ਸਕੱਤਰੇਤ ਤੇ ਮੰਤਰਾਲਾ ਵਿੱਚ ਚੂਹੇ ਮਾਰਨ ਦਾ ਠੇਕਾ ਦਿੱਤਾ ਹੋਇਆ ਸੀ, ਉਸ ਨੇ ਸੱਤ ਦਿਨਾਂ ਵਿੱਚ 3 ਲੱਖ 19 ਹਜ਼ਾਰ ਚੂਹੇ ਮਾਰ ਮੁਕਾਏ। ਇਸ ਘਪਲ਼ੇ ਦਾ ਪਰਦਾਫਾਸ਼ ਵੀ ਬੀ.ਜੇ.ਪੀ. ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਏਕਨਾਥ ਖੜਸੇ ਨੇ ਕੀਤਾ।

ਖੜਸੇ ਨੇ ਕਿਹਾ ਕਿ ਇਸ ਹਿਸਾਬ ਨਾਲ ਇੱਕ ਮਿੰਟ ਵਿੱਚ 34 ਤੇ ਇੱਕ ਦਿਨ ਵਿੱਚ ਤਕਰੀਬਨ 45 ਹਜ਼ਾਰ ਚੂਹੇ ਮਾਰੇ ਗਏ। ਖੜਸੇ ਦਾ ਕਹਿਣਾ ਹੈ ਕਿ ਇੱਕ ਦਿਨ ਵਿੱਚ 900 ਕੁਇੰਟਲ ਚੂਹੇ ਮਾਰੇ ਗਏ ਤਾਂ ਟਰੱਕਾਂ ਦੇ ਟਰੱਕ ਭਰ ਕੇ ਮੰਤਰਾਲੇ ਵਿੱਚੋਂ ਗਏ ਹੋਣਗੇ, ਜੋ ਕਿਸੇ ਨੂੰ ਵਿਖਾਈ ਕਿਉਂ ਨਹੀਂ ਦਿੱਤੇ। ਉਨ੍ਹਾਂ ਕਿਹਾ ਕਿ ਪੂਰੀ ਮੁੰਬਈ ਵਿੱਚ ਤਕਰੀਬਨ 6 ਲੱਖ ਚੂਹੇ ਹਨ ਤਾਂ ਇਸ ਵਿੱਚੋਂ ਪੌਣੇ ਚਾਰ ਲੱਖ ਸਿਰਫ਼ ਮੰਤਰਾਲੇ ਵਿੱਚ ਕਿਵੇਂ ਦਾਖ਼ਲ ਹੋ ਗਏ।