ਨਵੀਂ ਦਿੱਲੀ: ਕੋਵਿਡ-19 ਮਹਾਮਾਰੀ ਦਾ ਪ੍ਰਭਾਵ ਕਈ ਦਹਾਕਿਆਂ ਤੱਕ ਵਿਖਾਈ ਦਿੰਦਾ ਰਹੇਗਾ। ਬੱਚਿਆਂ ਦੀ ਇੱਕ ਪੂਰੀ ਪੀੜ੍ਹੀ ਇਸ ਤੋਂ ਪ੍ਰਭਾਵਿਤ ਹੋ ਸਕਦੀ ਹੈ। Centre for Science and Environment ਦੀ ‘ਸਾਲਾਨਾ ਸਟੇਟ ਆਫ਼ ਇੰਡੀ’ਜ਼ ਇਨਵਾਇਰਨਮੈਂਟ 2021’ ਦੀ ਰਿਪੋਰਟ ’ਚ ਇਹ ਗੱਲ ਆਖੀ ਗਈ ਹੈ।



 

ਰਿਪੋਰਟ ਮੁਤਾਬਕ ਕੋਵਿਡ-19 ਮਹਾਮਾਰੀ ਕਾਰਣ 0 ਤੋਂ 14 ਸਾਲ ਉਮਰ ਦੇ 37.5 ਕਰੋੜ ਭਾਰਤੀ ਬੱਚਿਆਂ ਉੱਤੇ ਲੰਮੇ ਸਮੇਂ ਤੱਕ ਮਾੜੇ ਅਸਰ ਦਾ ਪਰਛਾਵਾਂ ਰਹੇਗਾ। ਇਨ੍ਹਾਂ ਬੱਚਿਆਂ ਨੂੰ ਕੁਪੋਸ਼ਣ, ਸਿੱਖਿਆਹੀਣਤਾ ਤੇ ਕਈ ਅਣਵੇਖੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

 

ਸੀਐਸਈ ਦੇ ਡਾਇਰੈਕਟਰ ਸੁਨੀਤਾ ਨਾਰਾਇਣ ਨੇ ਕਿਹਾ ਕਿ ਕੋਵਿਡ-19 ਨੇ ਪਹਿਲਾਂ ਹੀ ਗ਼ਰੀਬ ਵਿਸ਼ਵ ਨੂੰ ਹੋਰ ਗ਼ਰੀਬ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਅਸਰ ਕਾਰਨ ਦੁਨੀਆ ਭਰ ’ਚ 11.5 ਕਰੋੜ ਹੋਰ ਲੋਕ ਬੇਹੱਦ ਗ਼ਰੀਬੀ ਵਿੱਚ ਜਿਊਣ ਲਈ ਮਜਬੂਰ ਹੋਣਗੇ। ਇਨ੍ਹਾਂ ਵਿੱਚੋਂ ਜ਼ਿਆਦਾਤਰ ਦੱਖਣੀ ਏਸ਼ੀਆ ਦੇ ਹੋਣਗੇ।

 

ਰਿਪੋਰਟ ਮੁਤਾਬਕ 31 ਦਸੰਬਰ, 2020 ਤੱਕ ਭਾਰਤ ਵਿੱਚ 2.5 ਕਰੋੜ ਤੋਂ ਵੱਧ ਬੱਚਿਆਂ ਨੇ ਜਨਮ ਲਿਆ; ਭਾਵ ਇੱਕ ਪੂਰੀ ਪੀੜ੍ਹੀ ਨੇ ਸਦੀ ਦੀ ਸਭ ਤੋਂ ਲੰਮੀ ਮਹਾਮਾਰੀ ਦੌਰਾਨ ਜਨਮ ਲਿਆ। ਜਦੋਂ ਇਹ ਬੱਚੇ ਵੱਡੇ ਹੋਣਗੇ, ਤਾਂ ਇਨ੍ਹਾਂ ਦੀ ਯਾਦਦਾਸ਼ਤ ਵਿੱਚ ਮਹਾਮਾਰੀ ਇੱਕ ਫ਼ੈਸਲਾਕੁਨ ਮਿਸਾਲ ਵਜੋਂ ਹੋਵੇਗੀ।

 

‘ਯੂਨੀਸੈਫ਼’ ਅਨੁਸਾਰ ਲੌਕਡਾਊਨ ਕਾਰਣ ਦੁਨੀਆ ਭਰ ਦੇ ਬੱਚਿਆਂ ਨੂੰ ਸਰਕਾਰੀ ਸਕੂਲ ਤੋਂ ਮਿਲਣ ਵਾਲਾ ਭੋਜਨ ਨਹੀਂ ਮਿਲਿਆ। ਭਾਰਤ ’ਚ ਲਗਪਗ 9.4 ਕਰੋੜ ਬੱਚੇ ਲੌਕਡਾਊਨ ਕਾਰਣ ਮਿਡ ਡੇਅ ਮੀਲ ਤੋਂ ਵੀ ਵਾਂਝੇ ਰਹੇ। ਪੌਸ਼ਟਿਕ ਭੋਜਨ ਦੀ ਘਾਟ ਕਾਰਣ ਭਾਰਤ ਹੁਣ ਸਾਲ 2030 ਤੱਕ ਬੌਣਾਪਣ ਘਟਾ ਕੇ 2.5 ਫ਼ੀਸਦੀ ਉੱਤੇ ਲਿਆਉਣ ਦਾ ਟੀਚਾ ਵੀ ਮਿੱਥੇ ਸਮੇਂ ਅੰਦਰ ਪੂਰਾ ਨਹੀਂ ਕਰ ਸਕੇਗਾ।