ਨਵੀਂ ਦਿੱਲੀ: ਪਿਛਲੇ ਕੁਝ ਸਾਲਾਂ ਤੋਂ ਨਤੀਜਿਆਂ ਨੂੰ ਲੈ ਕੇ ਚਰਚਾ 'ਚ ਰਹਿਣ ਵਾਲਾ ਬਿਹਾਰ ਦਾ ਸਿੱਖਿਆ ਬੋਰਡ ਫਿਰ ਵਿਵਾਦਾਂ 'ਚ ਹੈ। ਇਸ ਵਾਰ ਆਏ ਨਤੀਜਿਆਂ 'ਚੋਂ ਇੱਕ ਖਾਸ ਗੱਲ ਇਹ ਸਾਹਮਣੇ ਆਈ ਹੈ ਕਿ 4700 ਅਜਿਹੇ ਬੱਚੇ ਹਨ ਜਿਨ੍ਹਾਂ ਨੂੰ ਸਾਇੰਸ ਦੇ ਪੇਪਰ 'ਚ 100 ਵਿੱਚੋਂ 100 ਨੰਬਰ ਮਿਲੇ ਹਨ ਪਰ ਉਹ ਹਿਸਾਬ ਤੇ ਦੂਜੇ ਵਿਸ਼ਿਆਂ 'ਚ ਫੇਲ੍ਹ ਹੋ ਗਏ। ਬੱਚਿਆਂ ਦਾ ਕਹਿਣਾ ਹੈ ਕਿ ਜਿਸ ਦੇ ਸਾਇੰਸ 'ਚ 100 ਵਿੱਚੋਂ 100 ਨੰਬਰ ਆਏ ਹੋਣ, ਉਹ ਦੂਜੇ ਵਿਸ਼ਿਆਂ 'ਚ ਫੇਲ੍ਹ ਕਿਵੇਂ ਹੋ ਸਕਦੇ ਹਨ।


ਇਨ੍ਹਾਂ ਵਿਦਿਆਰਥੀਆਂ ਦੇ ਨੰਬਰ ਤਾਂ ਫਸਟ ਡਿਵੀਜ਼ਨ ਦੇ ਬਰਾਬਰ ਹਨ ਪਰ ਇਹ ਹੋਏ ਫੇਲ੍ਹ ਹਨ। ਇੱਕ ਜਾਂ ਦੋ ਵਿਸ਼ਿਆਂ 'ਚ ਫੇਲ੍ਹ ਹੋਣ ਕਾਰਨ ਇਨ੍ਹਾਂ ਬੱਚਿਆਂ ਨੇ ਰੀ-ਚੈਕਿੰਗ ਲਈ ਵੀ ਦਰਖਾਸਤ ਦਿੱਤੀ ਪਰ ਫਿਰ ਵੀ ਨੰਬਰ ਨਹੀਂ ਵਧੇ। 90 ਫੀਸਦੀ ਬੱਚਿਆਂ ਨੂੰ ਨੋ ਚੇਂਜ ਦੱਸਿਆ ਗਿਆ। ਜਾਣਕਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਬੱਚਿਆਂ ਦੀ ਸਾਇੰਸ ਦੀ ਉੱਤਰ ਪੱਤਰੀ ਮੁੜ ਚੈੱਕ ਕੀਤੀ ਜਾਣੀ ਚਾਹੀਦੀ ਹੈ।

ਅਜਿਹਾ ਰਿਜ਼ਲਟ ਬਿਹਾਰ ਦੇ ਕਈ ਜ਼ਿਲ੍ਹਿਆਂ ਦੇ ਬੱਚਿਆਂ ਦਾ ਆਇਆ ਹੈ। ਸਭ ਤੋਂ ਜ਼ਿਆਦਾ ਅਜਿਹੇ ਮਾਮਲੇ ਨਵਾਦਾ ਤੇ ਵੈਸ਼ਾਲੀ ਜ਼ਿਲ੍ਹੇ 'ਚ ਮਿਲੇ ਹਨ। ਨਾਲੰਦਾ 'ਚ ਵੀ ਕਈ ਬੱਚਿਆਂ ਦੇ ਸਾਇੰਸ 'ਚ 100 ਨੰਬਰ ਹਨ ਪਰ ਬਾਕੀਆਂ 'ਚ ਫੇਲ੍ਹ ਹੋ ਗਏ।