ਨਵੀਂ ਦਿੱਲੀ: ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ’ਚ ਦਹਿਸ਼ਤਗਰਦਾਂ ਨਾਲ ਕਰੀਬ 48 ਘੰਟਿਆਂ ਤਕ ਚੱਲੇ ਮੁਕਾਬਲੇ ਦੌਰਾਨ ਤਿੰਨ ਫ਼ੌਜੀ ਅਤੇ ਦੋ ਪੁਲੀਸ ਕਰਮੀ ਹਲਾਕ ਹੋ ਗਏ। ਮੁਕਾਬਲੇ ’ਚ ਪੰਜ ਦਹਿਸ਼ਤਗਰਦ ਵੀ ਮਾਰੇ ਗਏ ਹਨ।
ਪੁਲੀਸ ਬੁਲਾਰੇ ਨੇ ਦੱਸਿਆ ਕਿ ਕੱਲ੍ਹ ਇਹ ਮੁਕਾਬਲਾ ਹਲਾਮਤਪੋਰਾ ਇਲਾਕੇ ’ਚ ਸ਼ੁਰੂ ਹੋਇਆ ਸੀ। ਕੁਪਵਾੜਾ ਪੁਲੀਸ, ਫ਼ੌਜ, ਪ੍ਰਾਦੇਸ਼ਿਕ ਸੈਨਾ ਤੇ ਸੀ.ਆਰ.ਪੀ.ਐਫ. ਦੀਆਂ ਕੰਪਨੀਆਂ ਦੀ ਸਾਂਝੀ ਟੀਮ ਨੇ ਆਪਰੇਸ਼ਨ ਚਲਾਇਆ। ਕੰਟਰੋਲ ਰੇਖਾ ’ਤੇ ਫ਼ੌਜ ਦੀ ਚੌਕਸੀ ਦੀ ਘਾਟ ਸਾਹਮਣੇ ਆ ਗਈ ਕਿਉਂਕਿ ਦਹਿਸ਼ਤਗਰਦਾਂ ਦਾ ਗੁੱਟ ਸ਼ਮਸਬਾੜੀ ਪਹਾੜੀ ਦੀਆਂ ਦੋ ਚੋਟੀਆਂ ਪਾਰ ਕਰ ਕੇ ਅੱਠ ਕਿਲੋਮੀਟਰ ਅੰਦਰ ਤਕ ਸਰਹੱਦ ’ਚ ਦਾਖ਼ਲ ਹੋ ਗਿਆ ਸੀ।
ਅਧਿਕਾਰੀਆਂ ਨੇ ਕਿਹਾ ਕਿ ਦਹਿਸ਼ਤਗਰਦ ਵਾਦੀ ’ਚ ਪਹਿਲਾਂ ਤੋਂ ਮੌਜੂਦ ਹੋਰ ਹਮਾਇਤੀਆਂ ਨਾਲ ਮਿਲੇ ਅਤੇ ਉਹ ਕੁਪਵਾੜਾ ਸ਼ਹਿਰ ਵੱਲ ਜਾ ਰਹੇ ਸਨ ਤਾਂ ਪੁਲੀਸ ਕਰਮੀਆਂ ਦੀ ਉਨ੍ਹਾਂ ’ਤੇ ਨਜ਼ਰ ਪੈ ਗਈ। ਮਸਜਿਦ ਅੰਦਰ ਛਿਪੇ ਦਹਿਸ਼ਤਗਰਦਾਂ ਨੇ ਆਪਣੇ ਬਚਾਅ ਲਈ ਜੰਗਲ ਵੱਲ ਭੱਜਣਾ ਸ਼ੁਰੂ ਕਰ ਦਿੱਤਾ ਪਰ ਇਸ ਦੌਰਾਨ ਚਾਰ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਗਿਆ। ਪੰਜਵੇਂ ਦਹਿਸ਼ਤਗਰਦ, ਜੋ ਉਚਾਈ ’ਤੇ ਛਿਪਿਆ ਹੋਇਆ ਸੀ, ਨੂੰ ਅੱਜ ਸ਼ਾਮ ਮਾਰ ਮੁਕਾਇਆ।
ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ ’ਚ ਦੋ ਪੁਲੀਸ ਕਰਮੀ ਦੀਪਕ ਅਤੇ ਐਸਪੀਓ ਮੁਹੰਮਦ ਯੂਸਫ਼, 160 ਪ੍ਰਾਦੇਸ਼ਿਕ ਸੈਨਾ ਦਾ ਸਿਪਾਹੀ ਅਸ਼ਰਫ਼ ਰਾਠਰ ਅਤੇ 5 ਬਿਹਾਰ ਦਾ ਨਾਇਕ ਰਣਜੀਤ ਖੋਲਕਾ ਹਲਾਕ ਹੋ ਗਏ। ਇਸ ਤੋਂ ਪਹਿਲਾਂ ਐਸ.ਪੀ.ਓ. ਜਾਵੇਦ ਅਹਿਮਦ ਦੁਵੱਲੀ ਗੋਲੀਬਾਰੀ ’ਚ ਜ਼ਖ਼ਮੀ ਹੋ ਗਿਆ ਸੀ ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਸਥਿਰ ਹੈ।