ਲਖਨਊ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਦੇ ਇੱਕ ਮਦਰਸੇ ਵਿੱਚੋ ਬੰਧਕ ਬਣਾ ਕੇ ਰੱਖੀਆਂ 51 ਕੁੜੀਆਂ ਨੂੰ ਯੂ.ਪੀ. ਪੁਲਿਸ ਨੇ ਛੁਡਵਾਇਆ ਹੈ। ਨਾਲ ਹੀ ਮਦਰਸੇ ਦੇ ਪ੍ਰਬੰਧਕ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਆਜ਼ਾਦ ਕਰਵਾਈਆਂ ਗਈਆਂ ਕੁੜੀਆਂ ਦਾ ਇਲਜ਼ਾਮ ਹੈ ਕਿ ਮੈਨੇਜਰ ਉਨਾਂ ਨਾਲ ਚੰਗਾ ਸਲੂਕ ਨਹੀਂ ਕਰਦਾ ਸੀ।
ਉੱਤਰ ਪ੍ਰਦੇਸ਼ ਪੁਲਿਸ ਦੇ ਇਕ ਬੁਲਾਰੇ ਨੇ ਅੱਜ ਦੱਸਿਆ ਕਿ ਸਥਾਨਕ ਲੋਕਾਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਸਿਆਦਤਗੰਜ ਥਾਣੇ ਤਹਿਤ ਆਉਂਦੇ ਮਦਰਸਾ ਜਾਮਿਆ ਖ਼ਦੀਜਤੁਲ ਕੁਬਰਾ ਲਿਲਬਨਾਤ 'ਤੇ ਬੀਤੀ ਰਾਤ ਛਾਪਾ ਮਾਰਿਆ। ਉੱਥੇ 51 ਕੁੜੀਆਂ ਨੂੰ ਬੰਧਕ ਬਣਾ ਕੇ ਰੱਖਿਆ ਗਿਆ ਸੀ। ਮੈਨੇਜਰ ਨੂੰ ਗ੍ਰਿਫਤਾਰ ਕਰਕੇ ਸਾਰੀਆਂ ਕੁੜੀਆਂ ਨੂੰ ਛਡਵਾ ਲਿਆ ਗਿਆ।
ਪੁਲਿਸ ਨੇ ਕੁੜੀਆਂ ਨੂੰ ਉਨਾਂ ਦੇ ਘਰ ਛੱਡਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੁਲਾਰੇ ਨੇ ਦੱਸਿਆ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਮਦਰਸਾ ਰਜਿਸਟਰਡ ਸੀ ਜਾਂ ਗ਼ੈਰ ਕਾਨੂੰਨੀ ਤਰੀਕੇ ਨਾਲ ਚਲਾਇਆ ਜਾ ਰਿਹਾ ਸੀ।