ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਵਾਇਰਸ ਦਾ ਸਭ ਤੋਂ ਵੱਧ ਕਹਿਰ ਮਹਾਰਾਸ਼ਟਰ 'ਚ ਹੈ। ਜਿੱਥੇ ਇਸ ਖ਼ਤਰਨਾਕ ਵਾਇਰਸ ਤੋਂ ਪੀੜਤ ਲੋਕਾਂ ਦੀ ਸੰਖਿਆ ਪੰਜ ਹਜ਼ਾਰ ਤੋਂ ਪਾਰ ਪਹੁੰਚ ਗਈ ਹੈ। ਇਸ ਦਰਮਿਆਨ ਸੂਬੇ 'ਚ ਮੋਰਚਿਆਂ 'ਤੇ ਤਾਇਨਾਤ 64 ਪੁਲਿਸ ਕਰਮੀ ਵੀ ਕੋਰੋਨਾ ਵਾਇਰਸ ਦੀ ਲਪੇਟ 'ਚ ਹਨ। ਪੁਲਿਸ ਦੇ 12 ਅਧਿਕਾਰੀ ਤੇ 52 ਕਾਂਸਟੇਬਲ ਕੋਰੋਨਾ ਪਾਜ਼ਟਿਵ ਪਾਏ ਗਏ ਹਨ। ਇਨ੍ਹਾਂ 'ਚੋਂ 34 ਪੁਲਿਸ ਕਰਮੀ ਮੁੰਬਈ ਤੋਂ ਹਨ।
ਮਹਾਰਾਸ਼ਟਰ ਦੇ ਹਿੰਗੋਲੀ ਜ਼ਿਲ੍ਹੇ 'ਚ ਐਸਆਰਪੀਐਫ਼ ਦੇ ਛੇ ਜਵਾਨ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਉਹ ਹਾਲ ਹੀ ਮੰਬਈ 'ਚ ਤਾਇਨਾਤ ਸਨ ਅਤੇ ਉਨ੍ਹਾਂ ਦੀ ਵਾਪਸੀ ਤੋਂ ਬਾਅਦ ਸਾਵਧਾਨੀ ਲਈ ਉਨ੍ਹਾਂ ਨੂੰ ਏਕਾਂਤਵਾਸ 'ਚ ਰੱਖਣ ਦਾ ਫੈਸਲਾ ਲਿਆ ਗਿਆ।
ਦੇਸ਼ 'ਚ ਕੋਰੋਨਾ ਵਾਇਰਸ ਦੇ ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ 'ਚ ਹੀ ਸਾਹਮਣੇ ਆ ਰਹੇ ਹਨ। ਸਿਹਤ ਮੰਤਰਾਲੇ ਮੁਤਾਬਕ ਸੂਬੇ 'ਚ 5,218 ਪੀੜਤ ਮਰੀਜ਼ ਹਨ ਜਦਕਿ ਹੁਣ ਤਕ 251 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 722 ਲੋਕ ਠੀਕ ਹੋ ਗਏ ਹਨ।