ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਉੱਚ ਸਿਖਿਆ ਸੰਸਥਾਵਾਂ ਦੇ ਅਧਿਆਪਕਾਂ ਅਤੇ ਅਕਾਦਮਿਕ ਸਟਾਫ਼ ਦੀ ਤਨਖ਼ਾਹ 'ਚ ਵਾਧਾ ਕਰ ਕੇ ਉਨ੍ਹਾਂ ਨੂੰ ਦੀਵਾਲੀ ਦਾ ਤੋਹਫ਼ਾ ਦੇ ਦਿਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਹੋਈ ਕੇਂਦਰੀ ਕੈਬਨਿਟ ਦੀ ਬੈਠਕ 'ਚ ਉੱਚ ਸਿਖਿਆ ਸੰਸਥਾਵਾਂ ਲਈ ਸੱਤਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਕੇਂਦਰੀ ਵਿੱਦਿਅਕ ਸੰਸਥਾਵਾਂ ਨਾਲ ਸੂਬਿਆਂ ਦੀਆਂ ਯੂਨੀਵਰਸਟੀਆਂ ਅਤੇ ਉੱਚ ਵਿੱਦਿਅਕ ਸੰਸਥਾਨਾਂ ਨੂੰ ਵੀ ਇਸ ਵਾਧੇ ਦਾ ਲਾਭ ਮਿਲੇਗਾ।

ਕੈਬਨਿਟ ਬੈਠਕ ਤੋਂ ਬਾਅਦ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਕੇਂਦਰੀ ਯੂਨੀਵਰਸਟੀਆਂ, ਆਈ.ਆਈ.ਟੀ., ਆਈ.ਆਈ.ਐਮ., ਐਨ.ਆਈ.ਟੀ. ਸਮੇਤ ਮੰਤਰਾਲੇ ਅਧੀਨ ਆਉਣ ਵਾਲੀਆਂ ਸਾਰੀਆਂ ਉੱਚ ਵਿੱਦਿਅਕ ਸੰਸਥਾਵਾਂ ਦੇ ਅਧਿਆਪਕਾਂ ਦੀ ਤਨਖ਼ਾਹ 'ਚ ਵਾਧਾ ਕੀਤਾ ਹੈ।

ਅਧਿਆਪਕਾਂ ਦੀ ਤਨਖ਼ਾਹ 'ਚ ਕੁਲ ਵਾਧਾ 10400 ਰੁਪਏ ਤੋਂ ਲੈ ਕੇ 49800 ਰੁਏ ਵਿਚਕਾਰ ਹੋਵੇਗਾ। ਇਹ ਵਾਧਾ 22 ਤੋਂ ਲੈ ਕੇ 28 ਫ਼ੀ ਸਦੀ ਤਕ ਹੋਇਆ ਹੈ। ਮੰਤਰਾਲੇ ਨੇ ਸੱਤਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਲਈ ਮਾਹਰਾਂ ਦੀ ਇਕ ਕਮੇਟੀ ਬਣਾਈ ਸੀ ਜਿਸ ਨੇ ਤਨਖ਼ਾਹਾਂ ਨੂੰ ਅਧਿਆਪਕਾਂ ਦੇ ਅਨੁਸਾਰ ਤਿਆਰ ਕੀਤਾ ਸੀ। ਤਨਖ਼ਾਹ 'ਚ ਵਾਧਾ 1 ਜਨਵਰੀ, 2016 ਤੋਂ ਲਾਗੂ ਹੋਵੇਗਾ। ਫ਼ੈਸਲੇ ਨੂੰ ਲਾਗੂ ਕਰਨ ਨਾਲ ਸਰਕਾਰੀ ਖ਼ਜ਼ਾਨੇ ਉਤੇ 9800 ਕਰੋੜ ਰੁਪਏ ਦਾ ਬੋਝ ਪਵੇਗਾ।

ਇਹ ਫ਼ੈਸਲਾ 119 ਕੇਂਦਰੀ ਉੱਚ ਸਿਖਿਆ ਸੰਸਥਾਵਾਂ, 329 ਸੂਬਾ ਯੂਨੀਵਰਸਟੀਆਂ ਅਤੇ 12912 ਸਰਕਾਰੀ ਅਤੇ ਸਹਾਇਤਾ ਪ੍ਰਾਪਤ ਕਾਲਜਾਂ 'ਤੇ ਲਾਗੂ ਹੋਵੇਗਾ। ਕੁਲ 7.58 ਲੱਖ ਅਧਿਆਪਕਾਂ ਦੀ ਤਨਖ਼ਾਹ ਵਧੇਗੀ। ਸੂਬਿਆਂ ਦੇ ਮਾਮਲੇ 'ਚ ਸੋਧੀਆਂ ਤਨਖ਼ਾਹਾਂ ਦਾ ਭਾਰ ਕੇਂਦਰ ਖ਼ੁਦ ਚੁੱਕੇਗਾ। ਜਾਵੜੇਕਰ ਨੇ ਕਿਹਾ ਕਿ ਵਧੀਆਂ ਤਨਖ਼ਾਹਾਂ ਨਾਲ ਉੱਚ ਸਿਖਿਆ ਦੇ ਮਿਆਰ 'ਚ ਵਾਧਾ ਹੋਵੇਗਾ ਅਤੇ ਇਨ੍ਹਾਂ ਸੰਸਥਾਵਾਂ 'ਚ ਵਧੀਆ ਅਧਿਆਪਕ ਖਿੱਚੇ ਜਾ ਸਕਣਗੇ।