ਮੰਦਸੌਰ: ਮੱਧ ਪ੍ਰਦੇਸ਼ ਦੇ ਮੰਦਸੌਰ 'ਚ 7 ਸਾਲਾ ਬੱਚੀ ਨਾਲ ਦਰਿੰਦਗੀ ਦਾ ਮਾਮਲਾ ਸਾਹਮਣੇ ਆਇਆ ਹੈ। ਤੀਜੀ ਜਮਾਤ 'ਚ ਪੜ੍ਹਨ ਵਾਲੀ ਇਸ ਬੱਚੀ ਨੂੰ ਮਠਿਆਈ ਦੇਣ ਬਹਾਨੇ ਅਗ਼ਵਾ ਕੀਤਾ ਗਿਆ ਸੀ ਤੇ ਫਿਰ ਉਸ ਨਾਲ ਬਲਾਤਕਾਰ ਕੀਤਾ ਗਿਆ।


ਪ੍ਰਾਪਤ ਜਾਣਕਾਰੀ ਮੁਤਾਬਕ ਮੰਗਲਵਾਰ ਦੇਰ ਸ਼ਾਮ ਸਕੂਲ ਤੋਂ ਬੱਚੀ ਦੇ ਘਰ ਨਾ ਪਹੁੰਚਣ 'ਤੇ ਪਰਿਵਾਰ ਵਾਲਿਆਂ ਨੇ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ ਸੀ। ਫਿਲਹਾਲ ਬੱਚੀ ਨੂੰ ਨਾਜ਼ੁਕ ਹਾਲਤ 'ਚ ਇੰਦੌਰ ਹਸਪਤਾਲ ਭੇਜ ਦਿੱਤਾ ਗਿਆ ਹੈ।


ਬੱਚੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸਦਾ ਗਲਾ ਵੱਡ ਕੇ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਬੱਚੀ ਨੂੰ ਖੁੱਲ੍ਹੀ ਜਗ੍ਹਾ 'ਚ ਸੁੱਟ ਦਿੱਤਾ ਗਿਆ ਸੀ, ਜਿੱਥੇ ਉਹ ਰਾਤ ਭਰ ਖੂਨ ਨਾਲ ਲਥਪਥ ਹਾਲਤ 'ਚ ਪਈ ਰਹੀ। ਇਸ ਤੋਂ ਬਾਅਦ ਸਵੇਰ ਹੋਣ 'ਤੇ ਬੱਚੀ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਪਹੁੰਚਾਇਆ ਗਿਆ। ਦਰਅਸਲ ਦੋਸ਼ੀ ਨੇ ਬੱਚੀ ਨੂੰ ਅੱਧਮੋਈ ਹਾਲਤ 'ਚ ਮਰਿਆ ਸਮਝ ਕੇ ਛੱਡ ਦਿੱਤਾ ਸੀ।


ਸੀਸੀਟੀਵੀ ਫੁਟੇਜ ਦੀ ਮਦਦ ਨਾਲ ਮੁਲਜ਼ਮ ਪੁਲਿਸ ਦੇ ਅੜਿੱਕੇ ਆ ਗਿਆ ਤੇ ਪੁਲਿਸ ਦੀ ਗ੍ਰਿਫਤ 'ਚ ਹੈ।ਹੁਣ ਤੱਕ ਦੀ ਜਾਣਕਾਰੀ ਮੁਤਾਬਕ ਮੁਲਜ਼ਮ ਦਾ ਨਾਂ ਇਮਰਾਨ ਉਰਫ ਭਯੂ ਦੱਸਿਆ ਜਾ ਰਿਹਾ ਹੈ। ਮੁਲਜ਼ਮ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਉਸਨੇ ਦੱਸਿਆ ਕਿ ਉਹ ਸਕੂਲ ਤੋਂ ਬੱਚੀ ਨੂੰ ਮਠਿਆਈ ਖਵਾਉਣ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ ਸੀ।


ਘਟਨਾ ਤੋਂ ਬਾਅਦ ਰੋਹ 'ਚ ਆਏ ਮੰਦਸੌਰ ਦੇ ਲੋਕ ਸੜਕਾਂ 'ਤੇ ਉੱਤਰ ਆਏ। ਇੱਥੋਂ ਤਕ ਕਿ ਘਟਨਾ ਤੋਂ ਬਾਅਦ ਗੁੱਸੇ 'ਚ ਆਏ ਬਾਰ ਐਸੋਸੀਏਸ਼ਨ ਨੇ ਇਹ ਫੈਸਲਾ ਕੀਤਾ ਕਿ ਮੁਲਜ਼ਮ ਵੱਲੋਂ ਮੰਦਸੌਰ ਦਾ ਕੋਈ ਵੀ ਵਕੀਲ ਕੇਸ ਨਹੀਂ ਲੜੇਗਾ।


ਦੂਜੇ ਪਾਸੇ ਮੁਸਲਿਮ ਭਾਈਚਾਰੇ ਦੀਆਂ ਮਹਿਲਾਵਾਂ ਨੇ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਦੇਣ ਤੋਂ ਬਾਅਦ ਉਸ ਨੂੰ ਕਬਰਿਸਤਾਨ ਵਿੱਚ ਨਾ ਦਫਨਾਏ ਜਾਣ ਲਈ ਕਿਹਾ ਹੈ।