7th Pay Commission: ਇਨ੍ਹੀਂ ਦਿਨੀਂ ਹਫ਼ਤੇ ਵਿੱਚ 4 ਦਿਨ ਕੰਮ ਤੇ 3 ਦਿਨ ਛੁੱਟੀ ਨੂੰ ਲੈ ਕੇ ਲਗਾਤਾਰ ਚਰਚਾ ਹੋ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਇਸ ਨਵੀਂ ਵਿਵਸਥਾ ਨੂੰ ਲਾਗੂ ਕਰਨ ਦੀ ਯੋਜਨਾ ਉਲੀਕ ਰਹੀ ਹੈ। ਇਹ ਵੀ ਚਰਚਾ ਹੈ ਕਿ ਹਫ਼ਤੇ ਵਿੱਚ ਚਾਰ ਦਿਨ ਕੰਮ ਹੋਣ ’ਤੇ ਮੁਲਾਜ਼ਮਾਂ ਤੋਂ ਵੱਧ ਘੰਟੇ ਕੰਮ ਲੈਣ ਦੀ ਛੋਟ ਵੀ ਕੰਪਨੀਆਂ ਨੂੰ ਮਿਲ ਸਕਦੀ ਹੈ।


ਹੁਣ ਕੇਂਦਰੀ ਕਿਰਤ ਮੰਤਰੀ ਸੰਤੋਸ਼ ਗੰਗਵਾਰ ਨੇ ਅਜਿਹੀਆਂ ਸਾਰੀਆਂ ਚਰਚਾਵਾਂ ਖ਼ਤਮ ਕਰਵਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਅਜਿਹੀ ਵਿਵਸਥਾ ਲਈ ਕੋਈ ਪ੍ਰਸਤਾਵ ਨਹੀਂ। ਮੰਤਰੀ ਨੇ ਇੱਕ ਸੁਆਲ ਦੇ ਲਿਖਤੀ ਜੁਆਬ ਵਿੱਚ ਲੋਕ ਸਭਾ ਨੂੰ ਸਪੱਸ਼ਟ ਕੀਤਾ ਕਿ ਹਫ਼ਤੇ ਵਿੱਚ ਚਾਰ ਦਿਨ ਜਾਂ 40 ਘੰਟਿਆਂ ਦੀ ਕੰਮ ਵਿਵਸਥਾ ਸ਼ੁਰੂ ਕਰਨ ਕਰਨ ਦੀ ਕੇਂਦਰ ਦੀ ਕੋਈ ਯੋਜਨਾ ਨਹੀਂ।


ਉਨ੍ਹਾਂ ਕਿਹਾ ਕਿ ਚੌਥੇ ਤਨਖ਼ਾਹ ਕਮਿਸ਼ਨ ਦੀ ਸਿਫ਼ਾਰਸ਼ ਦੇ ਆਧਾਰ ਉੱਤੇ ਹਫ਼ਤੇ ਵਿੱਚ ਪੰਜ ਦਿਨ ਤੇ ਦਫ਼ਤਰਾਂ ਵਿੱਚ ਹਰ ਦਿਨ ਸਾਢੇ 8 ਘੰਟੇ ਕੰਮ ਕੀਤਾ ਜਾਂਦਾ ਹੈ। ਸੱਤਵੇਂ ਤਨਖ਼ਾਹ ਕਮਿਸ਼ਨ ਨੇ ਵੀ ਅੱਗੇ ਵੀ ਇਸ ਵਿਵਸਥਾ ਨੂੰ ਕਾਇਮ ਰੱਖਣਾ ਹੈ।


ਦੱਸ ਦੇਈਏ ਕਿ ਕੇਂਦਰ ਸਰਕਾਰ ਚਾਰ ਲੇਬਰ ਕੋਡ ਲੈ ਕੇ ਆਈ ਹੈ। ਇਨ੍ਹਾਂ ਕੋਡਜ਼ ਨੂੰ ਲਾਗੂ ਕਰਨ ਨਾਲ ਕਿਰਤ ਬਾਜ਼ਾਰ ਵਿੱਚ ਸੁਧਰੇ ਨਿਯਮਾਂ ਦਾ ਨਵਾਂ ਦੌਰ ਸ਼ੁਰੂ ਹੋਵੇਗਾ। ਉਹ ਖਰੜਾ ਲਾਗੂ ਹੁਣ ’ਤੇ ਕਰਮਚਾਰੀਆਂ ਨੂੰ ਹਫ਼ਤੇ ਵਿੱਚ ਚਾਰ ਦਿਨ ਕੰਮ ਤੇ ਤਿੰਨ ਦਿਨ ਛੁੱਟੀ ਦੀ ਆੱਪਸ਼ਨ ਮਿਲੇਗੀ।


ਇਸ ਦੇ ਨਾਲ ਹੀ ਮੰਤਰਾਲਾ ਗ਼ੈਰ–ਸੰਗਠਤ ਖੇਤਰ ਦੇ ਮਜ਼ਦੂਰਾਂ/ਕਰਮਚਾਰੀਆਂ ਦੀ ਰਜਿਸਟ੍ਰੇਸ਼ਨ ਤੇ ਭਲਾਈ ਲਈ ਇੱਕ ਪੋਰਟਲ ਬਣਾ ਰਿਹਾ ਹੈ। ਇਹ ਪੋਰਟਲ ਜੂਨ ਤੱਕ ਤਿਆਰ ਹੋਣ ਦੀ ਸੰਭਾਵਨਾ ਹੈ।


ਲੇਬਰ ਕੋਡ ਦੀਆਂ ਖ਼ਾਸ ਗੱਲਾਂ


-ਕਰਮਚਾਰੀ ਜੇ ਕਿਸੇ ਦਿਨ 8 ਘੰਟਿਆਂ ਤੋਂ ਵੱਧ ਜਾਂ ਹਫ਼ਤੇ ਵਿੱਚ 48 ਘੰਟਿਆਂ ਤੋਂ ਵੱਧ ਕੰਮ ਕਰਦਾ ਹੈ, ਤਾਂ ਉਸ ਨੂੰ ਓਵਰਟਾਈਮ ਦਾ ਪੈਸਾ ਮਿਲੇਗਾ।


-ਨਵੇਂ ਲੇਬਰ ਕੋਡ ਦੇ ਡ੍ਰਾਫ਼ਟ ਵਿੱਚ ਕੰਮਕਾਜੀ ਘੰਟਿਆਂ ਨੂੰ 12 ਘੰਟੇ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ। ਫ਼ਿਲਹਾਲ ਇਹ 9 ਘੰਟੇ ਹੈ।


-ਕਿੱਤਾ ਮੁਖੀ ਸੁਰੱਖਿਆ, ਸਿਹਤ ਤੇ ਕੰਮਕਾਜ ਦੀਆਂ ਸਥਿਤੀਆਂ ਦੇ ਨਾਂਅ ਨਾਲ ਤਿਆਰ ਕੋਡ ਵੱਚ ਸਰਕਾਰ ਕੰਪਨੀਆਂ ਨੂੰ ਇੱਕ ਦਿਨ ਵਿੱਚ 12 ਘੰਟੇ ਤੱਕ ਕੰਮ ਕਰਵਾਉਣ ਦੀ ਛੋਟ ਦੇਣ ਉੱਤੇ ਵਿਚਾਰ ਕਰ ਰਹੀ ਹੈ।


-ਓਵਰ ਟਾਈਮ ਦੀ ਕੈਲਕੁਲੇਸ਼ਨ ਨੂੰ ਲੈ ਕੇ ਨਿਯਮ ਤੈਅ ਕੀਤੇ ਗਏ ਹਨ। ਜੇ ਕਰਮਚਾਰੀ 15 ਤੋਂ 30 ਮਿੰਟਾਂ ਤੱਕ ਕੰਮ ਕਰਦਾ ਹੈ, ਤਾਂ ਉਸ ਨੂੰ ਪੂਰੇ 30 ਮਿੰਟ ਵਜੋਂ ਗਿਣਿਆ ਜਾਵੇਗਾ।