ਭੋਪਾਲ: ਭਾਰਤੀ ਖ਼ੁਫੀਆ ਏਜੰਸੀ ਨੇ ਨੌਂ ਕਿੱਲੋ ਸਿੰਥੈਟਿਕ ਕੈਮੀਕਲ ਬਰਾਮਦ ਕੀਤਾ ਹੈ, ਜੋ 40 ਤੋਂ 50 ਲੱਖ ਤੋਂ ਵੀ ਵੱਧ ਲੋਕਾਂ ਨੂੰ ਜਾਨੋਂ ਮਾਰਨ ਦੀ ਸਮਰੱਥਾ ਰੱਖਦਾ ਹੈ। ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ ਨੇ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਇਹ ਕੈਮੀਕਲ ਬਰਾਮਦ ਕੀਤਾ ਹੈ। ਇਸ ਮਾਮਲੇ ਵਿੱਚ ਇੱਕ ਮੈਕਸੀਕਨ ਨਾਗਰਿਕ ਸਮੇਤ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।


'ਟਾਈਮਜ਼ ਆਫ਼ ਇੰਡੀਆ' ਦੀ ਰਿਪੋਰਟ ਮੁਤਾਬਕ ਖ਼ੁਫੀਆ ਏਜੰਸੀ ਨੇ ਇੰਦੌਰ ਦੇ ਸਥਾਨਕ ਵਪਾਰੀ ਤੇ ਪੀਐਚਡੀ ਖੋਜਾਰਥੀ ਵੱਲੋਂ ਚਲਾਈ ਜਾਣ ਵਾਲੀ ਪ੍ਰਾਈਵੇਟ ਲੈਬਾਰਟਰੀ ਤੋਂ ਬਰਾਮਦ ਕੀਤਾ ਹੈ। ਵਿਗਿਆਨੀਆਂ ਦੀ ਮਦਦ ਨਾਲ ਹਫ਼ਤਾ ਭਰ ਚੱਲੇ ਆਪ੍ਰੇਸ਼ਨ ਤੋਂ ਬਾਅਦ ਇਸ ਮਾਰੂ ਨਸ਼ੇ ਦੀ ਖੇਪ ਫੜਨ ਵਿੱਚ ਸਫਲਤਾ ਮਿਲੀ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ 100 ਕਰੋੜ ਤੋਂ ਵੀ ਵੱਧ ਹੈ।

ਫੜਿਆ ਗਿਆ ਨਸ਼ਾ (Fentanyl) ਹੈਰੋਇਨ ਵਰਗੇ ਮੌਜੂਦਾ ਸਿੰਥੈਟਿਕ ਨਸ਼ਿਆਂ ਨਾਲੋਂ 50 ਗੁਣਾ ਵੱਧ ਅਸਰਦਾਰ ਹੈ। ਵਿਗਿਆਨੀਆ ਮੁਤਾਬਕ ਦੋ ਮਿਲੀਗ੍ਰਾਮ ਤੋਂ ਜ਼ਿਆਦਾ ਮਾਤਰਾ ਇਨਸਾਨ ਦੀ ਤੁਰੰਤ ਮੌਤ ਹੋ ਸਕਦੀ ਹੈ।

ਫ਼ੈਂਟੇਨਾਇਲ ਹਾਈਡ੍ਰੋਕਲੋਰਾਈਡ ਤੋਂ ਤਿਆਰ ਕੀਤਾ ਫ਼ੈਂਟੇਨਾਇਲ ਇੱਕ ਸਿੰਥੈਟਿਕ ਭਾਵ ਗ਼ੈਰ ਕੁਦਰਤੀ ਨਸ਼ਾ (opioid) ਹੈ, ਜੋ ਦਰਦ ਮਿਟਾਉਣ ਦੇ ਕੰਮ ਆਉਂਦਾ ਹੈ। ਭਾਰਤ ਵਿੱਚ ਐਨਡੀਪੀਐਸ ਐਕਟ ਤਹਿਤ ਇਹ ਨਸ਼ਿਆਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਦੇਸ਼ ਵਿੱਚ ਇੰਨੇ ਵੱਡੀ ਮਾਤਰਾ ਵਿੱਚ ਮਾਰੂ ਨਸ਼ੇ ਦਾ ਫੜੇ ਜਾਣ ਦਾ ਇਹ ਪਹਿਲਾ ਮਾਮਲਾ ਹੈ।