ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਉੱਪ ਰਾਜਪਾਲ ਦੇ ਘਰ ਧਰਨਾ ਅੱਜ 8ਵੇਂ ਦਿਨ ਵੀ ਜਾਰੀ ਹੈ। ਕੇਜਰੀਵਾਲ ਨਾਲ ਧਰਨੇ 'ਤੇ ਬੈਠੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਸਿਹਤ ਵਿਗੜ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਹਸਪਤਾਲ 'ਚ ਦਾਖਲ ਕਰਾਇਆ ਗਿਆ।
https://twitter.com/AamAadmiParty/status/1008426130519384064
ਹਾਸਲ ਜਾਣਕਾਰੀ ਮੁਤਾਬਕ ਸਤੇਂਦਰ ਜੈਨ ਨੂੰ ਸਾਹ ਲੈਣ 'ਚ ਤਕਲੀਫ ਹੋ ਰਹੀ ਸੀ। ਇਸ ਦੇ ਨਾਲ ਹੀ ਸਿਰ ਦਰਦ ਦੀ ਸ਼ਿਕਾਇਤ ਸੀ। ਹਾਲਾਂਕਿ ਹੁਣ ਸਿਹਤ ਮੰਤਰੀ ਦੀ ਸਿਹਤ ਠੀਕ ਦੱਸੀ ਜਾ ਰਹੀ ਹੈ।
ਹਸਪਤਾਲ 'ਚ ਜੈਨ ਦਾ ਪਤਾ ਲੈਣ ਪਹੁੰਚੇ 'ਆਪ' ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਉਨ੍ਹਾਂ ਨੂੰ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ। 'ਏਬੀਪੀ ਨਿਊਜ਼' ਨਾਲ ਗੱਲਬਾਤ ਕਰਦਿਆਂ ਸੰਜੇ ਸਿੰਘ ਨੇ ਕੇਂਦਰ ਸਰਕਾਰ ਤੇ ਐਲਜੀ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਜਿੱਥੇ ਸੁਣਵਾਈ ਦੀ ਉਮੀਦ ਨਾ ਹੋਵੇ, ਉੱਥੇ ਭੁੱਖ ਹੜਤਾਲ ਕਰਨ ਦਾ ਕੋਈ ਫਾਇਦਾ ਨਹੀਂ।
ਦੱਸ ਦਈਏ ਕਿ ਕੇਜਰੀਵਾਲ ਨੇ ਐਲਜੀ ਸਾਹਮਣੇ ਤਿੰਨ ਮੰਗਾਂ ਰੱਖੀਆਂ ਸਨ। ਇਸ 'ਚ ਆਈਏਐਸ ਅਧਿਕਾਰੀਆਂ ਦੀ ਗੈਰ ਕਾਨੂੰਨੀ ਹੜਤਾਲ ਖਤਮ ਕਰਾਉਣਾ ਤੇ ਕੰਮ ਰੋਕਣ ਵਾਲੇ ਆਈਏਐਸ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ ਰਾਸ਼ਨ ਦੀ ਡੋਰ ਸਟੈੱਪ ਡਿਲਿਵਰੀ ਦੀ ਯੋਜਨਾ ਨੂੰ ਮਨਜੂਰੀ ਦੇਣ ਦੀ ਮੰਗ ਹੈ।
ਹਾਲਾਕਿ ਕੱਲ੍ਹ ਸ਼ਾਮ ਆਈਏਐਸ ਅਧਿਕਾਰੀਆਂ ਨੇ ਪ੍ਰੈੱਸ ਕਾਨਫਰੰਸ ਕਰਕੇ ਕੇਜਰੀਵਾਲ ਵੱਲੋਂ ਕੰਮ ਨਾ ਕਰਨ ਤੇ ਹੜਤਾਲ ਦੇ ਦਾਅਵੇ ਨੂੰ ਖਾਰਜ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਵਾਰ ਫਿਰ ਆਪਣੀ ਸੁਰੱਖਿਆ ਦਾ ਮੁੱਦਾ ਵੀ ਉਠਾਇਆ। ਇਸ ਤੋਂ ਬਾਅਦ ਕੇਜਰੀਵਾਲ ਨੇ ਟਵੀਟ ਕਰਦਿਆਂ ਲਿਖਿਆ, "ਮੈਂ ਆਪਣੀ ਸਮਰੱਥਾ ਮੁਤਾਬਕ ਆਈਏਐਸ ਅਧਿਕਾਰੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਂਦਾ ਹਾਂ।"
https://twitter.com/ArvindKejriwal/status/1008354074633428992