ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੀ ਅੰਦਰੂਨੀ ਲੜਾਈ ਹੁਣ ਫਿਰ ਸਾਹਮਣੇ ਆ ਰਹੀ ਹੈ। 'ਆਪ' ਦੀ ਨੈਸ਼ਨਲ ਕੌਂਸਲ ਦੀ ਮੀਟਿੰਗ 'ਚ ਭਾਵੇਂ ਕੁਮਾਰ ਵਿਸ਼ਵਾਸ ਤੇ 'ਆਪ' ਵਿਧਾਇਕ ਅਮਾਨਤੁੱਲ੍ਹਾ ਖਾਂ ਦੇ ਮਸਲੇ 'ਤੇ ਚੁੱਪੀ ਰਹੀ ਪਰ ਮੀਟਿੰਗ ਖਤਮ ਹੁੰਦੇ ਹੀ ਦੋਵੇਂ ਧਿਰਾਂ ਦੇ ਸਮਰਥਕ ਆਹਮਣੋ-ਸਾਹਮਣੇ ਆ ਗਏ ਤੇ ਨਾਅਰੇਬਾਜ਼ੀ ਕੀਤੀ। ਨਾਅਰੇਬਾਜ਼ੀ ਉਸ ਵੇਲੇ ਸ਼ੁਰੂ ਹੋਈ ਜਦ ਬੈਠਕ 'ਚੋਂ ਬਾਹਰ ਆ ਕੇ ਕੁਮਾਰ ਆਪਣੀ ਗੱਡੀ 'ਚ ਵਾਪਸ ਜਾਣ ਲੱਗੇ। ਇਸੇ ਦੌਰਾਨ ਕੁਮਾਰ ਦੇ ਸਮਰਥਕਾਂ ਨੇ ਜ਼ਿੰਦਾਬਾਦ ਦੇ ਨਾਅਰੇ ਲਾਏ ਤਾਂ ਉੱਥੇ ਮੌਜੂਦ ਅਮਾਨਤੁੱਲ੍ਹਾ ਖਾਂ ਦੇ ਸਮਰਥਕਾਂ ਨੇ ਕੁਮਾਰ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਇਸ ਤੋਂ ਬਾਅਦ ਕੁਮਾਰ ਨੇ ਟਵਿਟਰ 'ਤੇ ਸ਼ਾਇਰੀ ਦੀਆਂ ਕੁਝ ਲਾਈਨਾਂ ਸ਼ੇਅਰ ਕੀਤੀਆਂ।
ਖੁਸ਼ੀਆਂ ਦੇ ਬੇਦਰਦ ਲੁਟੇਰਿਓ,
ਗਮ ਬੋਲੇ ਤਾਂ ਕੀ ਹੋਵੇਗਾ?
ਖਾਮੋਸ਼ੀ ਤੋਂ ਡਰਨ ਵਾਲਿਓ,
ਅਸੀਂ ਬੋਲੇ ਤਾਂ ਕੀ ਹੋਵੇਗਾ?
ਨਾਅਰੇਬਾਜ਼ੀ ਵਿਚਾਲੇ ਕੁਮਾਰ ਬਿਨਾ ਰੁਕੇ ਵਾਪਸ ਚਲੇ ਗਏ। ਇਸ ਮਾਮਲੇ 'ਤੇ ਉਹ ਕੁਝ ਵੀ ਖੁੱਲ੍ਹ ਕੇ ਨਹੀਂ ਬੋਲ ਰਹੇ ਪਰ ਇਹ ਸ਼ਾਇਰੀ ਕਾਫੀ ਕੁਝ ਕਹਿੰਦੀ ਹੈ। ਮੀਟਿੰਗ ਦੌਰਾਨ ਕੁਮਾਰ ਵਿਸ਼ਵਾਸ਼ ਦਾ ਨਾਂ ਬੁਲਾਰਿਆਂ ਦੀ ਲਿਸਟ 'ਚ ਨਹੀਂ ਸੀ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਜਦੋਂ ਉਨ੍ਹਾਂ ਨੂੰ ਬੋਲਣ ਲਈ ਕਿਹਾ ਤਾਂ ਉਨ੍ਹਾਂ ਇਨਕਾਰ ਕਰ ਦਿੱਤਾ। ਇਸ ਤੋਂ ਪਹਿਲਾਂ ਵੀ ਕੁਮਾਰ ਤੇ ਅਮਾਨਤੁੱਲ੍ਹਾ ਖਾਂ ਵਿੱਚ ਤਣਾਅ ਪੈਦਾ ਹੋ ਚੁੱਕਿਆ ਹੈ।