ਅਹਿਮਦਾਬਾਦ: ਗੁਜਰਾਤ 'ਚ ਪਾਟੀਦਾਰ ਨੇਤਾ ਤੇ ਅਲਪੇਸ਼ ਠਾਕੋਰ ਤੋਂ ਮਿਲੇ ਝਟਕਿਆਂ ਤੋਂ ਬਾਅਦ ਬੀਜੇਪੀ ਲਈ ਹਾਲਾਤ ਖਰਾਬ ਹੋ ਗਏ ਹਨ। ਅਜਿਹੇ 'ਚ ਸੂਬੇ 'ਚ ਆਪਣੀ ਜਿੱਤ ਪੱਕੀ ਕਰਨ ਲਈ ਪਾਰਟੀ ਨੇ ਨਵੀਂ ਸਕੀਮ ਬਣਾਈ ਹੈ। ਬੀਜੇਪੀ ਦੀ ਵੱਡੀ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਵੀ ਇਸ 'ਚ ਖਾਸ ਰੋਲ ਅਦਾ ਕਰ ਸਕਦੀ ਹੈ। ਗੁਜਰਾਤ 'ਚ ਦਸੰਬਰ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਬੀਜੇਪੀ ਲਗਾਤਾਰ ਪੰਜਵੀਂ ਵਾਰ ਸੂਬੇ 'ਚ ਆਪਣੀ ਜਿੱਤ ਦਰਜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। 15 ਸਾਲਾਂ 'ਚ ਇਹ ਪਹਿਲੀ ਵਾਰ ਹੈ ਜਦ ਨਰਿੰਦਰ ਮੋਦੀ ਬਿਨਾ ਪਾਰਟੀ ਮੈਦਾਨ 'ਚ ਹੋਵੇਗੀ। ਬੀਜੇਪੀ ਸੂਤਰਾਂ ਮੁਤਾਬਕ ਗੁਜਰਾਤ 'ਚ ਆਮ ਆਦਮੀ ਪਾਰਟੀ ਵੱਲੋਂ ਖੜ੍ਹੇ ਕੀਤੇ 11 ਉਮੀਦਵਾਰਾਂ 'ਤੇ ਨਜ਼ਰ ਲਾ ਕੇ ਬੈਠੀ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਜਿੱਤਣ ਦੀ ਹੈਸੀਅਤ ਨਹੀਂ ਰੱਖਦੇ ਪਰ ਕਾਂਗਰਸ ਨੂੰ ਵੋਟਾਂ ਦਾ ਨੁਕਸਾਨ ਜ਼ਰੂਰ ਕਰਨਗੇ।
ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ 11 ਸੀਟਾਂ 'ਤੇ 'ਆਪ' ਨੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਉਨ੍ਹਾਂ 'ਚ ਘੱਟੋ-ਘੱਟ 10 ਸੀਟਾਂ ਅਜਿਹੀਆਂ ਹਨ, ਜਿੱਥੇ ਪਟੇਲ ਤੇ ਓਬੀਸੀ ਰਾਖਵਾਂਕਰਨ ਕਾਰਨ ਬੀਜੇਪੀ ਲਈ ਸੀਟ ਬਚਾਉਣਾ ਮੁਸ਼ਕਲ ਹੋਵੇਗਾ। ਇਨ੍ਹਾਂ ਸੀਟਾਂ 'ਤੇ ਰਾਖਵਾਂਕਰਨ ਅੰਦੋਲਨ ਦਾ ਸਿੱਧਾ ਅਸਰ ਪੈ ਸਕਦਾ ਹੈ। ਇਨ੍ਹਾਂ 11 ਸੀਟਾਂ 'ਚੋਂ 5 ਅਜਿਹੀਆਂ ਹਨ ਜਿੱਥੇ ਚੋਣਾਂ 'ਚ ਬੀਜੇਪੀ 5000 ਵੋਟਾਂ ਦੇ ਫਰਕ ਨਾਲ ਜਿੱਤੀ ਸੀ।
ਇਨ੍ਹਾਂ 11 ਸੀਟਾਂ 'ਤੇ ਬੀਜੇਪੀ ਦਾ ਜਿੱਤਣਾ ਬਹੁਤ ਹੀ ਔਖਾ ਹੈ। ਆਮ ਆਦਮੀ ਪਾਰਟੀ ਇੱਥੇ ਕਾਂਗਰਸ ਦੇ ਵੋਟ ਕੱਟ ਕੇ ਬੀਜੇਪੀ ਨੂੰ ਸਿੱਧਾ ਫਾਇਦਾ ਦੇਵੇਗੀ। ਹਾਲਾਂਕਿ ਆਮ ਆਦਮੀ ਪਾਰਟੀ ਦੇ ਸਟੇਟ ਮੀਡੀਆ ਕੋਆਰਡੀਨੇਟਰ ਹਰਸ਼ੀਲ ਨਾਇਕ ਨੇ ਕਿਹਾ ਹੈ ਕਿ ਇਹ ਸਾਰੇ ਦਾਅਵੇ ਗਲਤ ਹਨ। ਪੰਜਾਬ ਚੋਣਾਂ 'ਚ ਹਾਰ ਤੋਂ ਬਾਅਦ ਅਸੀਂ ਉੱਥੇ ਹੀ ਉਮੀਦਵਾਰ ਉਤਾਰ ਰਹੇ ਹਾਂ ਜਿੱਥੇ ਮਜਬੂਤ ਕੈਂਡੀਡੇਟ ਹੋਣ।