ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਦੁਨੀਆਂ ਭਰ ਦੀ ਅਰਥ-ਵਿਵਸਥਾ ਡਾਂਵਾਡੋਲ ਹੈ। ਅਜਿਹੇ 'ਚ ਇਸ ਮਹਾਮਾਰੀ ਕਾਰਨ ਹੋਏ ਲੌਕਡਾਊਨ ਕਾਰਨ ਭਾਰਤ ਦੀ ਅਰਥ-ਵਿਵਸਥਾ 'ਤੇ ਵੀ ਵੱਡਾ ਅਸਰ ਪੈਣ ਦੀ ਸੰਭਾਵਨਾ ਹੈ। ਫਿਚ ਰੇਟਿੰਗ ਦੇ ਮੁਤਾਬਕ ਸਾਲ 2020-21 'ਚ ਭਾਰਤ ਦੀ ਆਰਥਿਕ ਵਿਕਾਸ ਦਰ 'ਚ 0.8 ਫੀਸਦ ਰਹਿਣ ਦਾ ਅਨੁਮਾਨ ਹੈ।


ਗਲੋਬਲ ਇਕੋਨੌਮਿਕ ਆਊਟਲੁੱਕ 'ਚ ਫਿਚ ਰੇਟਿੰਗ ਦੇ ਹਿਸਾਬ ਨਾਲ ਭਾਰਤ ਦੀ ਜੀਡੀਪੀ ਅਪ੍ਰੈਲ 2020 ਤੋਂ ਮਾਰਚ 2021 ਤਕ 0.8 ਫੀਸਦ ਰਹਿ ਜਾਵੇਗੀ ਜੋ ਕਿ ਪਿਛਲੇ ਵਿੱਤੀ ਸਾਲ 'ਚ 4.9 ਫੀਸਦ ਸੀ। ਹਾਲਾਂਕਿ ਵਿੱਤੀ ਵਰ੍ਹੇ 2021-22 ਦੌਰਾਨ ਭਾਰਤ ਦੀ ਆਰਥਿਕ ਵਿਕਾਸ ਦਰ 6.7 ਫੀਸਦ 'ਤੇ ਪਹੁੰਚ ਸਕਦੀ ਹੈ।


ਰੇਟਿੰਗ ਏਜੰਸੀ ਮੁਤਾਬਕ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਨਿੱਜੀ ਖਪਤ 'ਚ ਕਮੀ ਆਉਣ ਦਾ ਅੰਦਾਜ਼ਾ ਹੈ ਤੇ ਵੱਡੇ ਪੱਧਰ 'ਤੇ ਲੋਕਾਂ ਦੀ ਕਮਾਈ 'ਚ ਗਿਰਾਵਟ ਦਾ ਅਨੁਮਾਨ ਹੈ। ਜਿਸ ਕਾਰਨ ਵਿੱਤੀ ਵਰ੍ਹੇ 2020-21 'ਚ ਆਰਥਿਕ ਵਿਕਾਸ ਦਰ ਦਾ ਗਰਾਫ਼ ਹੇਠਾਂ ਆ ਸਕਦਾ ਹੈ।
ਰੇਟਿੰਗ ਏਜੰਸੀ ਦੇ ਮੁਤਾਬਕ ਕੋਰੋਨਾ ਵਾਇਰਸ ਜਿਹੀ ਮਹਾਮਾਰੀ ਤੋਂ ਪ੍ਰਭਾਵਿਤ ਹਰ ਦੇਸ਼ ਦੀ ਅਰਥ ਵਿਵਸਥਾ 'ਤੇ ਅਸਰ ਪੈਣਾ ਲਾਜ਼ਮੀ ਹੈ।