ਨਵੀਂ ਦਿੱਲੀ: ਫੇਸਬੁੱਕ ਨੇ ਭਾਰਤੀ ਸਿਆਸੀ ਪਿੜ ਦਾ ਵੀ ਪਾਰਾ ਚਾੜ੍ਹ ਦਿੱਤਾ ਹੈ। ਬੀਜੇਪੀ ਨੇ ਕਾਂਗਰਸ ਉੱਪਰ ਇਲਜ਼ਾਮ ਲਾਇਆ ਕਿ ਉਸ ਨੇ ਆਪਣੀ ਚੋਣ ਮੁਹਿੰਮ ਦੀ ਜ਼ਿੰਮੇਵਾਰੀ ਕੈਂਬਰਿਜ ਐਨਾਲਿਟਿਕਾ ਨੂੰ ਹੀ ਸੌਂਪੀ ਹੈ ਜਿਸ ਨੇ ਫੇਸਬੁੱਕ ਤੋਂ ਚੋਰੀ ਦਾ ਡੇਟਾ ਖਰੀਦਿਆ ਸੀ। ਬੀਜੇਪੀ ਦੇ ਇਸ ਇਲਜ਼ਾਮ ਮਗਰੋਂ ਖੁਲਾਸਾ ਹੋਇਆ ਕਿ ਸੱਤਾਧਿਰ ਵੀ ਇਸ ਕੰਪਨੀ ਦੀਆਂ ਸੇਵਾਵਾਂ ਲੈ ਚੁੱਕੀ ਹੈ।


ਮੀਡੀਆ ਰਿਪੋਰਟਾਂ ਮੁਤਾਬਕ ਡੇਟਾ ਚੋਰੀ ਕਰਨ ਦੇ ਇਲਜ਼ਾਮਾਂ ਵਿੱਛ ਘਿਰੀ ਫਰਮ ਕੈਂਬਰਿਜ ਐਨਾਲਿਟਿਕਾ ਨਾਲ ਜੁੜੀਆਂ ਕੰਪਨੀਆਂ ਇੰਡੀਅਨ ਕਮਿਊਨੀਕੇਸ਼ਨਜ਼ ਲੈਬੋਰਟਰੀਜ਼ ਪ੍ਰਾਈਵੇਟ ਲਿਮਟਿਡ ਤੇ ਓਵਲੇਨੇ ਬਿਜਨੈੱਸ ਇੰਟੈਲੀਜੈਂਸ ਤੋਂ ਬੀਜੇਪੀ, ਕਾਂਗਰਸ ਤੇ ਜੇਡੀਯੂ ਨੇ ਸੇਵਾਵਾਂ ਲਈਆਂ ਹਨ।

ਦਰਅਸਲ ਭਾਰਤ ਦੇ ਆਈਟੀ ਤੇ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਇਲਜ਼ਾਮ ਲਾਇਆ ਸੀ ਕਿ ਕਾਂਗਰਸ ਦੇ ਕੈਂਬਰਿਜ ਐਨਾਲਿਟਿਕਾ ਨਾਲ ਸਬੰਧ ਹਨ। ਉਨ੍ਹਾਂ ਕਿਹਾ ਸੀ ਕਿ ਕਾਂਗਰਸ ਨੂੰ ਸਵਾਲ ਹੈ ਕਿ ਕੀ ਉਹ ਚੋਰੀ ਦੇ ਡੇਟਾ ਰਾਹੀਂ 2019 ਦੀ ਚੋਣ ਜਿੱਤਣੀ ਚਾਹੁੰਦੀ ਹੈ? ਰਿਪੋਰਟਾਂ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣੀ ਚੋਣ ਮੁਹਿੰਮ ਦੀ ਜ਼ਿੰਮੇਵਾਰੀ ਕੈਂਬਰਿਜ ਐਨਾਲਿਟਿਕਾ ਨੂੰ ਹੀ ਸੌਂਪੀ ਹੈ।

ਇਸ ਮਗਰੋਂ ਕਾਂਗਰਸ ਨੇ ਪਲਟਵਾਰ ਕਰਦਿਆਂ ਕਿਹਾ ਕਿ ਬੀਜੇਪੀ ਤਾਂ ਖੁਦ ਕੈਂਬਰਿਜ ਐਨਾਲਿਟਿਕਾ ਦੀਆਂ ਸੇਵਾਵਾਂ ਲੈ ਚੁੱਕੀ ਹੈ। ਇਸ ਖੁਲਾਸੇ ਮਗਰੋਂ ਬੀਜੇਪੀ ਕਸੂਤੀ ਹਾਲਤ ਵਿੱਚ ਫਸ ਗਈ। ਕੈਂਬਰਿਜ ਐਨਾਲਿਟਿਕਾ ਉਹ ਫਰਮ ਹੈ ਜਿਸ ਨੇ ਫੇਸਬੁੱਕ ਤੋਂ ਲੱਖਾਂ ਅਮਰੀਕੀਆਂ ਦਾ ਡੇਟਾ ਖਰੀਦਿਆ ਸੀ। ਇਸ ਫਰਮ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਚੋਣ ਮੁਹਿੰਮ ਲਈ ਫੇਸਬੁੱਕ ਤੋਂ ਹਾਸਲ ਡੇਟਾ ਦੀ ਵਰਤੋਂ ਕੀਤੀ ਸੀ।