ਮਹਿਤਾਬ-ਉਦ-ਦੀਨ


ਚੰਡੀਗੜ੍ਹ: 31 ਅਕਤੂਬਰ ਨੂੰ ਉਦੋਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਸਮੇਤ ਦੇਸ਼ ਦੇ ਹੋਰ ਬਹੁਤ ਸਾਰੇ ਭਾਗਾਂ ’ਚ ਵੱਡੀਆਂ ਭੀੜਾਂ ਨੇ ਸਿੱਖਾਂ ਦਾ ਕਤਲੇਆਮ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਮਾਰੇ ਗਏ ਸਨ। ਕਾਨਪੁਰ ਵੀ ਅਜਿਹੇ ਸ਼ਹਿਰਾਂ ’ਚੋਂ ਇੱਕ ਸੀ। ਉਸ ਘਿਨਾਉਣੀ ਘਟਨਾ ਨੂੰ ਵਾਪਰਿਆਂ ਹੁਣ 37 ਵਰ੍ਹੇ ਬੀਤ ਚੁੱਕੇ ਹਨ। ਇੱਕ ਵਿਸ਼ੇਸ਼ ਜਾਂਚ ਟੀਮ (SIT) ਸਿੱਖ ਕਤਲੇਆਮ ਦੇ ਸਬੂਤ ਇਕੱਠੇ ਕਰਨ ਲਈ ਮੰਗਲਵਾਰ ਨੂੰ ਕਾਨਪੁਰ ਦੇ ਇੱਕ ਜਿੰਦਰਾ ਲੱਗੇ ਘਰ ’ਚ ਪੁੱਜੀ।


ਦੱਸ ਦੇਈਏ ਕਿ ਇਹ ਮਕਾਨ ਗੋਵਿੰਦ ਨਗਰ ਇਲਾਕੇ ’ਚ ਸਥਿਤ ਹੈ ਤੇ ਇੱਥੇ 1 ਨਵੰਬਰ, 1984 ਨੂੰ ਤੇਜ ਪ੍ਰਤਾਪ ਸਿੰਘ (45) ਤੇ ਉਨ੍ਹਾਂ ਦੇ ਪੁੱਤਰ ਸਤਪਾਲ ਸਿੰਘ (22) ਦਾ ਕਤਲ ਉਨ੍ਹਾਂ ਦੇ ਘਰ ਅੰਦਰ ਹੀ ਵੱਡੀ ਭੀੜ ਨੇ ਕਰ ਦਿੱਤਾ ਸੀ ਤੇ ਉਨ੍ਹਾਂ ਦੀਆਂ ਲਾਸ਼ਾਂ ਵੀ ਸਾੜ ਦਿੱਤੀਆਂ ਸਨ। ਇਸ ਪਰਿਵਾਰ ਦੇ ਜਿਹੜੇ ਮੈਂਬਰ ਬਚ ਗਏ ਸਨ; ਪਹਿਲਾਂ ਉਹ ਸ਼ਰਨਾਰਥੀ ਕੈਂਪਾਂ ’ਚ ਰੁਲ਼ਦੇ ਰਹੇ ਤੇ ਫਿਰ ਉਹ ਦਿੱਲੀ ਜਾਂ ਪੰਜਾਬ ਜਾ ਕੇ ਵੱਸ ਗਏ।


ਹੁਣ ਭਾਵੇਂ ਇਸ ਮਕਾਨ ਦੇ ਨਵੇਂ ਮਾਲਕ ਆ ਗਏ ਹਨ ਪਰ ਉਨ੍ਹਾਂ ਨੇ ਕਦੇ ਉਨ੍ਹਾਂ ਦੋ ਕਮਰਿਆਂ ਨੂੰ ਨਹੀਂ ਖੋਲ੍ਹਿਆ, ਜਿੱਥੇ ਦੋ ਕਤਲ ਹੋਏ ਸਨ। SIT ਦੇ ਅਧਿਕਾਰੀਆਂ ਨੇ ਵੇਖਿਆ ਕਿ ਉਹ ਕਮਰੇ ਅੱਜ ਵੀ ਜਿਉਂ ਦੇ ਤਿਉਂ ਪਏ ਸਨ; ਤਾਂ ਜੋ ਸਬੂਤਾਂ ਨਾਲ ਕੋਈ ਛੇੜਖਾਨੀ ਨਾ ਹੋ ਸਕੇ। ਇਹ SIT ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ ਵੱਲੋਂ ਕਾਇਮ ਕੀਤੀ ਗਈ ਹੈ। ਸਿੱਖ ਕਤਲੇਆਮ ਦੀਆਂ ਘਟਨਾਵਾਂ ਦੀ ਜਾਂਚ ਲਈ ਸੂਬੇ ਦੀ ਇਹ ਪਹਿਲੀ ਟੀਮ ਹੈ। ਕਾਨਪੁਰ ’ਚ 127 ਵਿਅਕਤੀ ਮਾਰੇ ਗਏ ਸਨ।


ਤੇਜ ਸਿੰਘ ਦੀ ਪਤਨੀ, ਉਨ੍ਹਾਂ ਦਾ ਇੱਕ ਹੋਰ ਪੁੱਰ ਤੇ ਨੂੰਹ ਉਦੋਂ ਹੀ ਕਾਨਪੁਰ ਛੱਡ ਗਏ ਸਨ। ਐਫ਼ਆਈਆਰ ਵੀ ਦਰਜ ਹੋ ਗਈ ਸੀ। ਮੰਗਲਵਾਰ ਨੂੰ SIT ਦੇ ਅਧਿਕਾਰੀਆਂ ਨੇ ਮਨੁੱਖੀ ਜਿਸਮਾਂ ਦੇ ਹਾਲੇ ਵੀ ਉੱਥੇ ਦੋਵੇਂ ਕਮਰਿਆਂ ’ਚ ਪਏ ਟੋਟੇ ਇਕੱਠੇ ਕੀਤੇ। ਇਨ੍ਹਾਂ ਸਬੂਤਾਂ ’ਚ ਕੋਈ ਗੜਬੜੀ ਨਾ ਹੋਵੇ, ਇਸੇ ਲਈ ਇਸ ਮਕਾਨ ਦੇ ਨਵੇਂ ਮਾਲਕ ਆਪ ਹੁਣ ਪਹਿਲੀ ਮੰਜ਼ਲ ’ਤੇ ਰਹਿੰਦੇ ਹਨ ਤੇ ਸਬੂਤਾਂ ਵਾਲੇ ਕਮਰੇ ਜ਼ਮੀਨੀ ਮੰਜ਼ਲ ’ਤੇ ਹੀ ਹਨ। ਉਨ੍ਹਾਂ ਕਮਰਿਆਂ ’ਚ ਪਿਛਲੇ 37 ਸਾਲਾਂ ਦੌਰਾਨ ਕਦੇ ਇੱਕ ਵਾਰ ਝਾੜੂ ਵੀ ਨਹੀਂ ਫੇਰਿਆ ਗਿਆ।


ਤੇਜ ਸਿੰਘ ਦੇ ਪੁੱਤਰ ਚਰਨਜੀਤ ਸਿੰਘ ਹੁਣ 61 ਸਾਲਾਂ ਦੇ ਹਨ। SIT ਨੇ ਉਨ੍ਹਾਂ ਦੇ ਬਿਆਨ ਵੀ ਇੱਕ ਮੈਜਿਸਟ੍ਰੇਟ ਸਾਹਵੇਂ ਦਰਜ ਕੀਤੇ ਹਨ। ਚਰਨਜੀਤ ਸਿੰਘ ਇਸ ਵੇਲੇ ਆਪਣੀ ਪਤਨੀ ਤੇ ਪਰਿਵਾਰ ਨਾਲ ਦਿੱਲੀ ’ਚ ਰਹਿ ਰਹੇ ਹਨ। ਤੇਜ ਸਿੰਘ ਦੀ ਪਤਨੀ ਦਾ ਹੁਣ ਦੇਹਾਂਤ ਹੋ ਚੁੱਕਾ ਹੈ। ਪਹਿਲੀ ਨਵੰਬਰ, 1984 ਨੂੰ ਭੀੜ ਤੇਜ ਸਿੰਘ ਹੁਰਾਂ ਦੇ ਘਰ ਅੰਦਰ ਦਾਖ਼ਲ ਹੋ ਗਈ ਸੀ ਤੇ ਉੱਥੇ ਉਨ੍ਹਾਂ ਦੇ ਨਾਲ–ਨਾਲ ਉਨ੍ਹਾਂ ਦੇ ਪੁੱਤਰ ਨੂੰ ਵੀ ਤਸੀਹੇ ਦੇ-ਦੇ ਕੇ ਮਾਰਿਆ ਗਿਆ ਸੀ। ਘਰ ਦੇ ਬਾਕੀ ਮੈਂਬਰ ਕਿਤੇ ਲੁਕ ਗਏ ਸਨ।


ਇਸੇ ਵਰ੍ਹੇ ਜਨਵਰੀ ਮਹੀਨੇ ਵੀ SIT ਨੇ ਇਸੇ ਘਰ ਅੰਦਰੋਂ ਹੀ ਖ਼ੂਨ ਦੇ ਸੈਂਪਲ ਵੀ ਲਏ ਸਨ। ਅੱਗਜ਼ਨੀ ਦੇ ਸਬੂਤ ਵੀ ਲਏ ਗਏ ਸਨ। ਇਸੇ ਜਾਂਚ ਟੀਮ ਨੇ ਕਾਨਪੁਰ ਦੇ ਨੌਬਸਤਾ ਇਲਾਕੇ ਦੇ ਇੱਕ ਹੋਰ ਘਰ ਅੰਦਰੋਂ ਵੀ ਸਬੂਤ ਲਏ ਹਨ; ਜਿੱਥੇ ਸਰਦੂਲ ਸਿੰਘ ਤੇ ਉਨ੍ਹਾਂ ਦੇ ਰਿਸ਼ਤੇਦਾਰ ਗੁਰਦਿਆਲ ਸਿੰਘ ਦੇ ਕਤਲ ਹੋਏ ਸਨ। ਭੀੜ ਦੇ ਗੁੰਡਿਆਂ ਨੇ ਉੱਥੇ ਵੀ ਲਾਸ਼ਾਂ ਨੂੰ ਅੱਗ ਲਾ ਦਿੱਤੀ ਸੀ। ਉਹ ਪਰਿਵਾਰ ਵੀ ਹੁਣ ਉੱਥੇ ਨਹੀਂ ਰਹਿੰਦਾ ਤੇ ਘਰ ਨੂੰ ਤਾਲ਼ਾ ਲੱਗਾ ਹੋਇਆ ਹੈ।


ਸਰਦੂਲ ਸਿੰਘ ਦੇ ਪਰਿਵਾਰ ਨੇ SIT ਨੂੰ ਦੱਸਿਆ ਹੈ ਕਿ 1984 ਦੀ ਪਹਿਲੀ ਨਵੰਬਰ ਨੂੰ ਦੰਗੇ ਭੜਕਣ ਤੋਂ ਉਨ੍ਹਾਂ ਦੇ ਭਰਾ ਪਰਸ਼ੋਤਮ ਨੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਗੁਆਂਢੀਆਂ ਦੇ ਘਰਾਂ ਅੰਦਰ ਸ਼ਿਫ਼ਟ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇੰਨੇ ਨੂੰ ਹੀ ਦੰਗਾਕਾਰੀਆਂ ਦੀਆਂ ਵੱਡੀਆਂ ਭੀੜਾਂ ਆ ਗਈਆਂ; ਹਾਲੇ ਜਦੋਂ ਸਰਦੂਲ ਸਿੰਘ ਤੇ ਗੁਰਦਿਆਲ ਸਿੰਘ ਘਰੋਂ ਨਿੱਕਲ ਕੇ ਕਿਤੇ ਹੋਰ ਜਾਣ ਦੀਆਂ ਤਿਆਰੀਆਂ ਕਰ ਹੀ ਰਹੇ ਸਨ।


ਉਸ ਵੇਲੇ ਇੱਥੇ ਹੋਏ ਦੋ ਕਤਲਾਂ ਦੇ ਸਿਲਸਿਲੇ ’ਚ ਅੱਠ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ ਪਰ ਉਨ੍ਹਾਂ ਵਿਰੁੱਧ ਕੋਈ ਠੋਸ ਸਬੂਤ ਨਾ ਹੋਣ ਕਾਰਣ ਬਾਅਦ’ਚ ਸਥਾਨਕ ਪੁਲਿਸ ਨੇ ਉਨ੍ਹਾਂ ਨੂੰ ਰਿਹਾਅ ਕਰ ਕੇ ਉਹ ਕੇਸ–ਫ਼ਾਈਲ ਹੀ ਬੰਦ ਕਰ ਦਿੱਤੀ ਸੀ।


ਇਨ੍ਹਾਂ ਕਤਲਾਂ ਦੇ ਕੇਸਾਂ ਵਿੱਚ 11 ਚਾਰਜਸ਼ੀਟਾਂ ਦਾਇਰ ਹੋਈਆਂ ਸਨ। 29 ਮਾਮਲਿਆਂ ਦੀਆਂ ਫ਼ਾਈਲਾਂ ‘ਸਦਾ ਲਈ ਬੰਦ’ ਕਰ ਦਿੱਤੀਆਂ ਗਈਆਂ ਸਨ; ਜਿਨ੍ਹਾਂ ਵਿੱਚੋਂ ਹੁਣ 19 ਕੇਸਾ ਦੀ ਜਾਂਚ ਚੱਲ ਰਹੀ ਹੈ। ‘ਇੰਡੀਅਨ ਐਕਸਪ੍ਰੈੱਸ’ ਵੱਲੋਂ ਪ੍ਰਕਾਸ਼ਿਤ ਮਨੀਸ਼ ਸਾਹੂ ਦੀ ਰਿਪੋਰਟ ਅਨੁਸਾਰ ਹੁਣ 11 ਮਾਮਲਿਆਂ ਦੀ ਜਾਂਚ ਲਗਭਗ ਮੁਕੰਮਲ ਹੋ ਚੁੱਕੀ ਹੈ ਤੇ ਉਨ੍ਹਾਂ ਉੱਤੇ ਕਾਨੂੰਨੀ ਸਲਾਹ–ਮਸ਼ਵਰਾ ਲਾ ਜਾ ਰਿਹਾ ਹੈ।


ਮੌਜੂਦਾ SIT ਹੁਣ ਕਾਨਪੁਰ ਦੇ ਉਨ੍ਹਾਂ 135 ਨਾਗਰਿਕਾਂ ਦੀ ਭਾਲ਼ ਵੀ ਕਰ ਰਹੀ ਹੈ, ਜਿਨ੍ਹਾਂ ਨੇ 1986 ’ਚ ਉਦੋਂ ਦੀ ਰਾਜੀਵ ਗਾਂਧੀ ਸਰਕਾਰ ਵੱਲੋਂ ਕਾਇਮ ਕੀਤੇ ਰੰਗਨਾਥ ਮਿਸ਼ਰਾ ਕਮਿਸ਼ਨ ਸਾਹਵੇਂ ਆਪਣੇ ਹਲਫ਼ੀਆ ਬਿਆਨ ਦਾਇਰ ਕਰ ਕੇ ਸਿੱਖ ਕਤਲੇਆਮ ਦੀ ਜਾਂਚ ਕਰਨ ਦੀ ਮੰਗ ਕੀਤੀ ਸੀ।


ਇਹ ਵੀ ਪੜ੍ਹੋ: Gippy Grewal ਦਾ ‘ਹਥਿਆਰ 2’ 17 ਅਗਸਤ ਨੂੰ, ਐਲਬਮ ‘ਲਿਮਟਿਡ ਐਡੀਸ਼ਨ’ ਦਾ ਪਹਿਲਾ ਟ੍ਰੈਕ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904