ਚੰਡੀਗੜ੍ਹ: ਕਿਸਾਨਾਂ ਨੂੰ ਮਨਾਉਣ ਲਈ ਸਰਕਾਰ ਦਾ ਜੋ ਕੰਮ ਚਿੱਠੀਆਂ ਤੇ ਮੀਟਿੰਗ ਹਾਲ ਦੀਆਂ ਪੇਸ਼ਕਾਰੀਆਂ ਨਹੀਂ ਕਰ ਸਕੀਆਂ, ਉਹ ਦੋ ਮਿੱਠੇ ਬੋਲਾਂ ਨੇ ਕਰ ਦਿੱਤਾ। ਬੁੱਧਵਾਰ ਨੂੰ ਮੀਟਿੰਗ ਦੌਰਾਨ ਦੁਪਹਿਰ ਦੇ ਖਾਣੇ ਸਮੇਂ ਕਿਸਾਨ ਰੋਜ਼ ਵਾਂਗ ਲੰਗਰ ਤੋਂ ਆਈ ਰੋਟੀ ਖਾਣ ਦੀਆਂ ਤਿਆਰੀਆਂ ਕਰ ਰਹੇ ਸਨ ਕਿ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ, ਪਿਯੂਸ਼ ਗੋਇਲ ਤੇ ਸੋਮ ਪ੍ਰਕਾਸ਼ ਵੀ ਉੱਥੇ ਪੁੱਜ ਗਏ। ਤੋਮਰ ਨੇ ਇੱਕ ਕਿਸਾਨ ਆਗੂ ਨੂੰ ਕਿਹਾ, ਓ ਭਾਅ ਜੀ, ਇਕੱਲੇ-ਇਕੱਲੇ ਖਾ ਰਹੇ ਹੋ। ਅੱਗਿਓਂ ਜਵਾਬ ਮਿਲਿਆ ਨਹੀਂ, ਸਰ, ਤੁਹਾਡੇ ਲਈ ਵੀ ਪਲੇਟ ਮੰਗਵਾਉਂਦੇ ਹਾਂ।


ਫਿਰ ਤਿੰਨੇ ਮੰਤਰੀ ਪਲੇਟ ਲੈ ਕੇ ਕਤਾਰ ਵਿੱਚ ਲੱਗ ਗਏ ਤੇ ਕਿਸਾਨਾਂ ਵਿੱਚ ਬੈਠ ਕੇ ਖਾਣਾ ਖਾਧਾ। ਮੰਤਰੀਆਂ ਦੇ ਇਸ ਵਿਵਹਾਰ ਨਾਲ ਮਾਹੌਲ ਹਲਕਾ ਹੋ ਗਿਆ। ਚਾਹ ਦੇ ਬ੍ਰੇਕ ਤੱਕ ਵੀ ਤਿੰਨੇ ਮੰਤਰੀ ਕਿਸਾਨਾਂ ਨਾਲ ਰਹੇ। ਇੰਝ ਕਿਸਾਨ ਆਗੂਆਂ ਨੂੰ ਹਾਂਪੱਖੀ ਸੁਨੇਹਾ ਗਿਆ। ਫਿਰ ਮੀਟਿੰਗ ਹਾਲ ਦੇ ਅੰਦਰ ਵੀ ਸਰਕਾਰ ਦਾ ਰਵੱਈਆ ਨਰਮ ਰਿਹਾ। ਸਿੱਟੇ ਵਜੋਂ ਚਾਰ ਵਿੱਚੋਂ ਦੋ ਮੁੱਦਿਆਂ ਉੱਤੇ ਗੱਲ ਬਣ ਗਈ।

ਇਨ੍ਹਾਂ ਮੰਗਾਂ ਉੱਤੇ ਸਹਿਮਤੀ ਬਣੀ ਕਿ –

· ਪਰਾਲੀ ਸਾੜਨ ’ਤੇ ਕੇਸ ਦਰਜ ਨਹੀਂ ਹੋਣਗੇ। ਫ਼ਿਲਹਾਲ ਇੱਕ ਕਰੋੜ ਰੁਪਏ ਜੁਰਮਾਨਾ ਤੇ 5 ਸਾਲ ਕੈਦ ਦੀ ਵਿਵਸਥਾ ਹੈ। ਸਰਕਾਰ ਇਹ ਹਟਾਉਣ ਲਈ ਸਹਿਮਤ ਹੋਈ।

· ਦੂਜੇ ਬਿਜਲੀ ਕਾਨੂੰਨ ਵਿੱਚ ਕੋਈ ਤਬਦੀਲੀ ਨਹੀਂ। ਕਿਸਾਨਾਂ ਨੂੰ ਖ਼ਦਸ਼ਾ ਹੈ ਕਿ ਇਸ ਕਾਨੂੰਨ ਨਾਲ ਬਿਜਲੀ ਸਬਸਿਡੀ ਬੰਦ ਹੋਵੇਗੀ। ਹੁਣ ਇਹ ਕਾਨੂੰਨ ਨਹੀਂ ਬਣੇਗਾ।

ਇਨ੍ਹਾਂ ਦੋ ਮੰਗਾਂ ਉੱਤੇ 4 ਜਨਵਰੀ ਨੂੰ ਮੀਟਿੰਗ ਹੋਣੀ ਹੈ:

· ਤਿੰਨੇ ਨਵੇਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ

· ਐਮਐਸਪੀ ਲਈ ਵੱਖਰਾ ਕਾਨੂੰਨ ਬਣਾਉਣ ਦੀ ਮੰਗ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904