ਨਵੀਂ ਦਿੱਲੀ: ਦੇਸ਼ 'ਚ ਨੈਸਲੇ ਇੰਡੀਆ ਦੀ ਮੈਗੀ ਦੇ ਨਾਂ ਨਾਲ ਮਸ਼ਹੂਰ ਨੂਡਲਜ਼ ਇੱਕ ਵਾਰ ਫਿਰ ਚਰਚਾ ਵਿੱਚ ਹੈ। ਖਬਰਾਂ ਮੁਤਾਬਕ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਪ੍ਰਸ਼ਾਸਨ ਨੇ ਨੈਸਲੇ ਦੇ ਮਸ਼ਹੂਰ ਬ੍ਰਾਂਡ ਮੈਗੀ ਦੇ ਲੈਬ ਟੈਸਟ 'ਚ ਕਥਿਤ ਤੌਰ 'ਤੇ ਫੇਲ੍ਹ ਹੋਣ ਤੋਂ ਬਾਅਦ ਨੈਸਲੇ ਇੰਡੀਆ ਤੇ ਇਸ ਦੇ ਡਿਸਟ੍ਰੀਬਿਊਟਰਾਂ 'ਤੇ ਜੁਰਮਾਨਾ ਲਾਇਆ ਹੈ। ਇਸ ਵਿਚਾਲੇ, ਨੈਸਲੇ ਇੰਡੀਆ ਨੇ ਕਿਹਾ ਕਿ ਇਹ ਗਲਤ ਮਾਪਦੰਡਾਂ ਨੂੰ ਇਸਤੇਮਾਲ 'ਚ ਲਿਆਉਣ ਦਾ ਮਾਮਲਾ ਹੈ।


ਜ਼ਿਲ੍ਹਾ ਪ੍ਰਸ਼ਾਸਨ ਨੇ ਨੈਸਲੇ ਇੰਡੀਆ 'ਤੇ 45 ਲੱਖ ਰੁਪਏ ਜਦਕਿ ਇਸ ਦੇ ਤਿੰਨ ਡਿਸਟ੍ਰੀਬਿਊਟਰਾਂ 'ਤੇ 15 ਲੱਖ ਰੁਪਏ ਤੇ ਦੋ ਡਿਸਟ੍ਰੀਬਿਊਟਰਾਂ ਦੇ 11 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਜ਼ਿਲ੍ਹਾ ਅਧਿਕਾਰੀਆਂ ਮੁਤਾਬਕ, ਪ੍ਰਸ਼ਾਸਨ ਨੇ ਪਿਛਲੇ ਸਾਲ ਨਵੰਬਰ 'ਚ ਨਮੂਨੇ ਇਕੱਠੇ ਕੀਤੇ ਸਨ ਤੇ ਉਨ੍ਹਾਂ ਨੂੰ ਲੈਬ ਟੈਸਟ 'ਚ ਭੇਜ ਦਿੱਤਾ। ਜਾਂਚ 'ਚ ਪਤਾ ਲੱਗਿਆ ਕਿ ਮੈਗੀ ਦੇ ਇਨ੍ਹਾਂ ਸੈਂਪਲਾਂ 'ਚ ਇਨਸਾਨ ਦੀ ਖਪਤ ਲਈ ਤੈਅ ਲਿਮਟ ਤੋਂ ਜ਼ਿਆਦਾ ਰਾਖ ਮਿਲੀ ਸੀ। ਲੈਬ ਟੈਸਟ ਦੇ ਨਤੀਜਿਆਂ 'ਤੇ ਸਵਾਲ ਚੁੱਕਦੇ ਹੋਏ ਨੈਸਲੇ ਇੰਡੀਆ ਨੇ ਕਿਹਾ ਕਿ ਉਸ ਨੂੰ ਹੁਣ ਤੱਕ ਆਰਡਰ ਨਹੀਂ ਮਿਲੇ ਹਨ ਤੇ ਆਰਡਰ ਹਾਸਲ ਹੁੰਦੇ ਹੀ ਉਹ ਅਪੀਲ ਕਰਨਗੇ।

ਨੈਸਲੇ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਫੈਸਲਾ ਦੇਣ ਵਾਲੇ ਅਫਸਰ ਵੱਲੋਂ ਸਾਨੂੰ ਆਰਡਰ ਨਹੀਂ ਮਿਲੇ ਹਨ। ਸਾਨੂੰ ਦੱਸਿਆ ਗਿਆ ਹੈ ਕਿ ਇਹ ਸੈਂਪਲ 2015 ਦੇ ਹਨ ਤੇ ਇਹ ਮੁੱਦਾ ਨੂਡਲਜ਼ 'ਚ 'ਰਾਖ ਦੀ ਮਾਤਰਾ' ਨਾਲ ਜੁੜਿਆ ਹੈ। ਉਨ੍ਹਾਂ ਇਹ ਵੀ ਕਿਹਾ- ਅਜਿਹਾ ਲੱਗਦਾ ਹੈ ਕਿ ਇਹ ਗਲਤ ਮਾਪਦੰਡਾਂ ਨੂੰ ਇਸਤੇਮਾਲ ਦਾ ਮਾਮਲਾ ਹੈ। ਅਸੀਂ ਇਸ ਖਿਲਾਫ ਅਪੀਲ ਦਾਇਰ ਕਰਾਂਗੇ।