ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਅਸ਼ਲੀਲ ਕਾਰਟੂਨ ਫੇਸਬੁੱਕ 'ਤੇ ਪੋਸਟ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਭਾਜਪਾ ਦੇ ਕਾਰਕੁੰਨ ਧੀਰੇਨ ਮਿਸਤਰੀ ਦੇ ਬੇਟੇ ਧੀਰਜ ਮਿਸਤਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੋਮਵਾਰ ਰਾਤ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ। ਕੁਝ ਦਿਨ ਪਹਿਲੇ ਆਪਣੇ ਲੈਪਟਾਪ ਤੋਂ ਫੇਸਬੁੱਕ 'ਤੇ ਧੀਰਜ ਨੇ ਮਮਤਾ ਦਾ ਇਕ ਕਾਰਟੂਨ ਅਪਲੋਡ ਕੀਤਾ ਸੀ।


ਉਸ ਪੋਸਟ ਨੂੰ ਵੇਖਣ ਪਿੱਛੋਂ ਇਕ ਵਿਅਕਤੀ ਨੇ ਧਾਨਤੱਲਾ ਥਾਣੇ ਵਿਚ ਰਿਪੋਰਟ ਦਰਜ ਕਰਵਾਈ ਸੀ। ਧੀਰਜ ਨੂੰ ਗ੍ਰਿਫ਼ਤਾਰ ਕਰ ਕੇ ਰਾਣਾਘਾਟ ਕੋਰਟ ਵਿਚ ਪੇਸ਼ ਕੀਤਾ ਗਿਆ ਜਿਥੋਂ ਜੱਜ ਨੇ ਉਸ ਨੂੰ ਇਕ ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ। ਉਸ ਦੇ ਪਿਤਾ ਦਾ ਕਹਿਣਾ ਹੈ ਕਿ ਸਿਆਸੀ ਸਾਜ਼ਿਸ਼ ਤਹਿਤ ਉਸ ਦੇ ਬੇਟੇ ਨੂੰ ਫਸਾਇਆ ਗਿਆ ਹੈ। ਧੀਰਜ ਦੇ ਖਾਤੇ ਤੋਂ ਕਿਸੇ ਨੇ ਉਕਤ ਫੋਟੋ ਨੂੰ ਪੋਸਟ ਅਤੇ ਸ਼ੇਅਰ ਕੀਤਾ ਹੈ ਤਾਕਿ ਉਸ ਨੂੰ ਫਸਾਇਆ ਜਾ ਸਕੇ।