ਨਵੀਂ ਦਿੱਲੀ:  ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਅੰਤਰ-ਰਾਸ਼ਟਰੀ ਹਵਾਈ ਅੱਡੇ ਉੱਤੇ ਇਕ ਮਹਿਲਾ ਯਾਤਰੀ ਤੇ ਏਅਰ ਇੰਡੀਆ ਦੀ ਡਿਊਟੀ ਮੈਨੇਜ਼ਰ ਨੇ ਇਕ ਦੂਜੇ ਨੂੰ ਥੱਪੜ ਮਾਰਿਆ। ਮਹਿਲਾ ਯਾਤਰੀ ਨੂੰ ਦੇਰ ਨਾਲ ਆਉਣ ਉੱਤੇ ਬੋਰਡਿੰਗ ਤੋਂ ਮਨ੍ਹਾਂ ਕਰ ਦਿੱਤਾ ਗਿਆ ਸੀ, ਜਿਸ ਕਾਰਨ ਇਹ ਘਟਨਾ ਹੋਈ।


ਅਹਿਮਦਾਬਾਦ ਲਈ ਉਡਾਣ ਭਰਨ ਵਾਲੀ ਮਹਿਲਾ ਅਤੇ ਏਅਰ ਇੰਡੀਆ ਦੀ ਅਧਿਕਾਰੀ ਵਿੱਚ ਬਹਿਸ ਦੇ ਬਾਅਦ ਇਹ ਸਭ ਵਾਪਰਿਆ। ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਕਾਊਂਟਰ ਉੱਤੇ ਇਕ ਕਰਮਚਾਰੀ ਨੇ ਮਹਿਲਾ ਯਾਤਰੀ ਨੂੰ ਦੱਸਿਆ ਕਿ ਉਹ ਚੈਕ-ਇਨ ਨਹੀਂ ਕਰ ਸਕਦੀ, ਕਿਉਂਕਿ ਉਹ ਉਡਾਣ ਲਈ ਦੇਰੀ ਨਾਲ ਪੁੱਜੀ ਹੈ। ਇਸ ਦੇ ਬਾਅਦ ਦੋਵਾਂ ਵਿੱਚ ਬਹਿਸ ਹੋ ਗਈ ਅਤੇ ਕਰਮਚਾਰੀ ਨੇ ਮਹਿਲਾ ਨੂੰ ਡਿਊਟੀ ਮੈਨੇਜਰ ਕੋਲ ਜਾਣ ਨੂੰ ਕਿਹਾ ਅਤੇ ਫਿਰ ਡਿਊਟੀ ਅਤੇ ਕਰਮਚਾਰੀ ਦੀ ਬਹਿਸ ਝਗੜੇ ਵਿੱਚ ਬਦਲ ਗਈ।

ਏਅਰ ਲਾਈਨ ਦੇ ਸੂਤਰਾਂ ਨੇ ਕਿਹਾ ਕਿ ਯਾਤਰੀ ਨੇ ਡਿਊਟੀ ਮੈਨੇਜਰ ਨੂੰ ਥੱਪੜ ਮਾਰ ਦਿੱਤਾ। ਹਵਾਈ ਅੱਡੇ ਦੇ ਪੁਲਸ ਅਧਿਕਾਰੀ ਸੰਜੈ ਭਾਟੀਆ ਨੇ ਕਿਹਾ ਕਿ ਡਿਊਟੀ ਮੈਨੇਜਰ ਨੇ ਬਦਲੇ ਵਿੱਚ ਥੱਪੜ ਮਾਰਿਆ। ਉਨ੍ਹਾਂ ਨੇ ਕਿਹਾ ਕਿ ਯਾਤਰੀ ਅਤੇ ਏਅਰ ਇੰਡੀਆ ਦੀ ਕਰਮਚਾਰੀ ਵਿਚਕਾਰ ਬਹਿਸ ਹੋਈ ਅਤੇ ਯਾਤਰੀ ਨੇ ਉਸ ਨੂੰ ਥੱਪੜ ਮਾਰ ਦਿੱਤਾ। ਇਸ ਦੇ ਬਾਅਦ ਕਰਮਚਾਰੀ ਨੇ ਵੀ ਥੱਪੜ ਮਾਰਿਆ। ਯਾਤਰੀ ਨੇ ਬਾਅਦ ਵਿੱਚ ਪੁਲਸ ਨੂੰ ਬੁਲਾਇਆ ਅਤੇ ਪੁਲਸ ਥਾਣੇ ਲੈ ਗਈ। ਬੁਲਾਰੇ ਮੁਤਾਬਕ ਬਾਅਦ ਵਿੱਚ ਯਾਤਰੀ ਅਤੇ ਏਅਰ ਇੰਡੀਆ ਦੀ ਕਰਮਚਾਰੀ ਦੋਵਾਂ ਨੇ ਇਕ ਦੂਜੇ ਤੋਂ ਮੁਆਫੀ ਮੰਗੀ ਅਤੇ ਮੁੱਦੇ ਦਾ ਦੋਸਤਾਨਾ ਤਰੀਕੇ ਨਾਲ ਹੱਲ ਕੱਢਿਆ।