ਨਵੀਂ ਦਿੱਲੀ: ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੱਟੀ ਹੋਈ ਫਸਲ ਦੇ ਹੋਏ ਨੁਕਸਾਨ 'ਤੇ ਚਿੰਤਾ ਜ਼ਾਹਰ ਕਰਦਿਆਂ ਕੇਂਦਰ ਨੇ ਬੁੱਧਵਾਰ ਨੂੰ ਉਦਯੋਗਿਕ ਕੰਪਨੀਆਂ ਨੂੰ ਕਿਸਾਨਾਂ ਦੀ ਬਰਬਾਦੀ ਨੂੰ ਘਟਾਉਣ ਲਈ ਉਨ੍ਹਾਂ ਕੋਲੋਂ ਸਬਜ਼ੀਆਂ ਤੇ ਫਲ ਖਰੀਦਣ ਲਈ ਕਿਹਾ ਹੈ।


ਇੱਕ ਅਧਿਕਾਰਤ ਬਿਆਨ ਅਨੁਸਾਰ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਉਦਯੋਗ ਚੈਂਬਰ ਫਿੱਕੀ ਦੇ ਮੈਂਬਰਾਂ ਨਾਲ ਹੋਈ ਮੀਟਿੰਗ ਵਿੱਚ ਇਹ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਤਾਲਾਬੰਦੀ ਖਤਮ ਹੋਣ ਤੋਂ ਬਾਅਦ ਫੂਡ ਪ੍ਰੋਸੈਸਿੰਗ ਸੈਕਟਰ ਦੀਆਂ ਜ਼ਰੂਰਤਾਂ ਦੀ ਪਛਾਣ ਕੀਤੀ ਜਾਣੀ ਚਾਹੀਦੀ ਹੈ।

ਹਰਸਿਮਰਤ ਬਾਦਲ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੱਟੀ ਹੋਈ ਫਸਲ ਦੇ ਖਰਾਬ ਹੋਣ 'ਤੇ ਚਿੰਤਾ ਜ਼ਾਹਿਰ ਕੀਤੀ। ਬੈਠਕ ਵਿੱਚ ਕੇਂਦਰੀ ਮੰਤਰੀ ਨੇ ਸਮੂਹ ਮੈਂਬਰਾਂ ਨੂੰ ਕੱਟੀ ਕਣਕ, ਝੋਨੇ, ਫਲ, ਸਬਜ਼ੀਆਂ ਤੇ ਹੋਰ ਨਾਸ਼ਵਾਨ ਫਸਲਾਂ ਖਰੀਦਣ ਦੀ ਬੇਨਤੀ ਕੀਤੀ ਤਾਂ ਜੋ ਕਿਸਾਨਾਂ ਨੂੰ ਲਾਭ ਪਹੁੰਚਾਇਆ ਜਾ ਸਕੇ।

ਬੈਠਕ ਵਿੱਚ ਕੇਂਦਰੀ ਮੰਤਰੀ ਨੇ ਸੁਰੱਖਿਆ ਉਪਾਵਾਂ 'ਤੇ ਸਮਝੌਤਾ ਕੀਤੇ ਬਿਨਾਂ ਉਦਯੋਗਿਕ ਸੰਚਾਲਨ ਨੂੰ ਪੂਰੀ ਸਮਰੱਥਾ ਨਾਲ ਮੁੜ ਚਾਲੂ ਕਰਨ 'ਤੇ ਜ਼ੋਰ ਦਿੱਤਾ। ਉਸ ਨੇ ਇਹ ਵੀ ਦੱਸਿਆ ਕਿ ਮੰਤਰਾਲੇ ਦੀ ਟਾਸਕ ਫੋਰਸ ਕੰਪਨੀਆਂ ਨੂੰ ਦੇਸ਼ ਵਿੱਚ ਤਾਲਾਬੰਦ ਹੋਣ ਦੌਰਾਨ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਸਹਾਇਤਾ ਕਰ ਰਹੀ ਹੈ।

ਇੱਕ ਵਾਰ ਫਿਰ ਉਦਯੋਗ ਨੂੰ ਮੁੜ ਸੁਰਜੀਤ ਕਰਨ ਲਈ, ਹਰਸਿਮਰਤ ਬਾਦਲ ਨੇ ਖੁਰਾਕ ਕੰਪਨੀਆਂ ਲਈ ਵਿਸਥਾਰ ਦਿਸ਼ਾ ਨਿਰਦੇਸ਼ਾਂ ਦੀ ਲੋੜ 'ਤੇ ਉਦਯੋਗ ਦੀ ਮੰਗ 'ਤੇ ਸਹਿਮਤੀ ਪ੍ਰਗਟਾਈ ਤੇ ਨਾਲ ਹੀ 60-75 ਪ੍ਰਤੀਸ਼ਤ ਕਾਮਿਆਂ ਨੂੰ ਸਹੂਲਤਾਂ ਦੇ ਸੰਚਾਲਨ ਦੀ ਆਗਿਆ ਦਿੱਤੀ।