ਨਵੀਂ ਦਿੱਲੀ: ਦਿੱਲੀ ਦੇ ਸੰਦੇਸਾਰਾ ਗਰੁੱਪ ਦੇ ਟਿਕਾਣੇ 'ਤੇ 5500 ਕਰੋੜ ਦੇ ਘੁਟਾਲੇ ਦੇ ਇਲਜ਼ਾਮ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਛਾਪਾ ਮਾਰਿਆ ਹੈ। ਇਸ ਮਾਮਲੇ ਵਿੱਚ ਵੱਡੀ ਗੱਲ ਇਹ ਹੈ ਕਿ ਛਾਪੇਮਾਰੀ ਕੁਝ ਅਜਿਹੇ ਲੋਕਾਂ ਦੇ ਟਿਕਾਣਿਆਂ 'ਤੇ ਵੀ ਕੀਤੀ ਗਈ ਹੈ ਜੋ ਕੰਮ ਤਾਂ ਅਹਿਮਦ ਪਟੇਲ ਲਈ ਕਰਦੇ ਸਨ ਪਰ ਉਨ੍ਹਾਂ ਦੀ ਤਨਖ਼ਾਹ ਸੰਦੇਸਾਰਾ ਗਰੁੱਪ ਵੱਲੋਂ ਦਿੱਤੀ ਜਾਂਦੀ ਸੀ। ਇਸ ਬਾਰੇ ਹੁਣ ਈ.ਡੀ. ਨੇ ਪੜਤਾਲ ਆਰੰਭ ਦਿੱਤੀ ਹੈ।


ਇਸ ਪੂਰੇ ਮਾਮਲੇ 'ਤੇ ਏ.ਬੀ.ਪੀ. ਨਿਊਜ਼ 'ਤੇ ਅਹਿਮਦ ਪਟੇਲ ਨੇ ਕਿਹਾ, "ਜਿਨ੍ਹਾਂ ਤਿੰਨਾਂ ਵਿਅਕਤੀਆਂ (ਘਨਸ਼ਿਆਮ ਪਾਂਡੇ, ਸੰਜੀਵ ਮਹਾਜਨ ਤੇ ਲਕਸ਼ਮੀਚੰਦ ਸ਼ਰਮਾ) ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ, ਉਨ੍ਹਾਂ ਵਿੱਚੋਂ ਸੰਜੀਵ ਉਨ੍ਹਾਂ ਦੇ ਘਰ ਆਉਂਦੇ ਹਨ। ਇਸ ਤੋਂ ਇਲਾਵਾ ਪਟੇਲ ਨੇ ਕੋਈ ਪ੍ਰਤੀਕਿਰਿਆ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ।"

ਇਸ ਮਾਮਲੇ ਵਿੱਚ ਈ.ਡੀ. ਗਗਨ ਧਵਨ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਵੀ ਕਰ ਚੁੱਕਾ ਹੈ। ਈ.ਡੀ. ਬੈਂਕ ਤੋਂ 5500 ਕਰੋੜ ਰੁਪਏ ਦਾ ਕਰਜ਼ ਦਿਵਾਉਣ ਤੇ ਇਸ ਪੈਸੇ ਨੂੰ ਟਿਕਾਣੇ ਲਾਉਣ ਲਈ ਅਹਿਮਦ ਪਟੇਲ ਦੀ ਭੂਮਿਕਾ ਦੀ ਜਾਂਚ ਕਰ ਰਿਹਾ ਹੈ। ਦਿੱਲੀ ਵਿੱਚ ਕੁੱਲ 7 ਟਿਕਾਣਿਆਂ 'ਤੇ ਛਾਪੇਮਾਰੀ ਦੌਰਾਨ ਈ.ਡੀ. ਹੱਥ ਕਾਫੀ ਅਹਿਮ ਦਸਤਾਵੇਜ਼ ਲੱਗੇ ਹਨ।

ਕੌਣ ਹੈ ਅਹਿਮਦ ਪਟੇਲ?

ਅਹਿਮਦ ਪਟੇਲ ਗੁਜਰਾਤ ਤੋਂ ਰਾਜ ਸਭਾ ਦੇ ਮੈਂਬਰ ਹਨ ਤੇ ਕਾਂਗਰਸ ਮੁਖੀ ਸੋਨੀਆ ਗਾਂਧੀ ਦੇ ਸਿਆਸੀ ਸਕੱਤਰ ਹਨ। ਕਾਂਗਰਸ ਪਾਰਟੀ ਵਿੱਚ ਅਹਿਮਦ ਪਟੇਲ ਦੀ ਅਹਿਮ ਭੂਮਿਕਾ ਹੈ। ਕਿਹਾ ਜਾਂਦਾ ਹੈ ਕਿ ਸੋਨੀਆ ਗਾਂਧੀ ਦੇ ਹਰ ਫੈਸਲੇ ਪਿੱਛੇ ਗੁਜਰਾਤ ਦੇ ਭਰੂਚ ਵਿੱਚ ਰਹਿਣ ਵਾਲੇ ਅਹਿਮਦ ਪਟੇਲ ਦਾ ਹੀ ਦਿਮਾਗ ਹੁੰਦਾ ਹੈ।