ਅਹਿਮਦਾਬਾਦ- ਗੁਜਰਾਤ ਵਿੱਚ ਸਿਖਰਾਂ ‘ਤੇ ਪੁੱਜੀ ਹੋਈ ਚੋਣ ਮੁਹਿੰਮ ਦੌਰਾਨ ‘ਕਰੋ ਜਾਂ ਮਰੋ’ ਵਾਲੀ ਹਾਲਤ ਵਿੱਚ ਨਜ਼ਰ ਆ ਰਹੇ ਪਾਟੀਦਾਰ ਰਿਜ਼ਰਵੇਸ਼ਨ ਅੰਦੋਲਨ ਸਮਿਤੀ (ਪਾਸ) ਦੇ ਨੇਤਾ ਹਾਰਦਿਕ ਪਟੇਲ ਨੇ ਸੱਤਾਧਾਰੀ ਭਾਜਪਾ ਵਿਰੁੱਧ ਹਮਲਾ ਹੋਰ ਤਿੱਖਾ ਕਰਦਿਆਂ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੀ ਤੁਲਨਾ ਜਲਿਆਂਵਾਲਾ ਬਾਗ ਕਾਂਡ ਦੇ ਖਲਨਾਇਕ ਜਨਰਲ ਡਾਇਰ ਨਾਲ ਕਰ ਦਿੱਤੀ।
ਕਾਂਗਰਸ ਨੂੰ ਆਪਣੀ ਹਮਾਇਤ ਦੇ ਰਹੇ ਹਾਰਦਿਕ ਪਟੇਲ ਨੇ ਇਥੇ ਇੱਕ ਪ੍ਰੋਗਰਾਮ ਦੌਰਾਨ ਕਿਹਾ ਕਿ ਮੈਂ ਅਮਿਤ ਸ਼ਾਹ ਨੂੰ ਜਨਰਲ ਡਾਇਰ ਕਹਿ ਕੇ ਬੁਲਾਉਂਦਾ ਹਾਂ। ਅਜਿਹਾ ਇਸ ਲਈ ਕਿ ਉਨ੍ਹਾਂ ਨੇ 14 ਬੱਚਿਆਂ ਨੂੰ ਮਾਰ ਦਿੱਤਾ ਸੀ। ਹਾਰਦਿਕ ਪਟੇਲ ਦਾ ਇਸ਼ਾਰਾ 2015 ਵਿੱਚ ਪਾਟੀਦਾਰ ਰਿਜ਼ਰੇਸ਼ਨ ਅੰਦੋਲਨ ਦੌਰਾਨ ਮਾਰੇ ਗਏ 14 ਵਿਅਕਤੀਆਂ ਵੱਲ ਸੀ।


ਹਾਰਦਿਕ ਪਟੇਲ ਨੇ ਕਿਹਾ ਕਿ ਇਹ ਸਾਰੇ 14 ਵਿਅਕਤੀ ਅਮਿਤ ਸ਼ਾਹ ਦੇ ਕਾਰਨ ਮਾਰੇ ਗਏ ਸਨ। ਉਨ੍ਹਾਂ ਕਿਹਾ ਕਿ ਮੇਰੇ ਉੱਤੇ ਜਾਤੀਵਾਦੀ ਹੋਣ ਦਾ ਦੋਸ਼ ਲਾ ਰਹੀ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਇਹ ਸਰਕਾਰ ਬਦਲਣ ਉਤੇ ਫਿਰਕੂ ਆਧਾਰ ਵਾਲਾ ਡਰ ਵਿਖਾ ਰਹੇ ਹਨ। ਗੁਜਰਾਤ ‘ਚ ਵਿਕਾਸ ਕੋਈ ਜ਼ਮੀਨੀ ਹਕੀਕਤ ਨਹੀਂ। ਇਥੇ 50 ਲੱਖ ਬੇਰੋਜ਼ਗਾਰ ਹਨ। ਪਟਵਾਰੀਆਂ ਦੀਆਂ 4000 ਅਸਾਮੀਆਂ ਲਈ 14 ਲੱਖ ਅਰਜ਼ੀਆਂ ਆਉਂਦੀਆਂ ਹਨ। ਗੁਜਰਾਤ ਦੀ ਸੱਚਾਈ ਪਿੰਡਾਂ ਵਿੱਚ ਜਾਣ ਉੱਤੇ ਹੀ ਪਤਾ ਲੱਗੇਗੀ, ਬਰਗਰ ਤੇ ਸੈਂਡਵਿਚ ਖਾਣ ਨਾਲ ਨਹੀਂ। ਗੁਜਰਾਤ ‘ਚ ਅਮੀਰ ਹੋਰ ਅਮੀਰ ਹੋਏ ਹਨ ਅਤੇ ਗਰੀਬ ਹੋਰ ਗਰੀਬ ਹੋਏ ਹਨ। ਸਹੀ ਗੱਲ ਕਹਿਣ ‘ਤੋਂ ਅਮੀਰ ਵੀ ਡਰਦੇ ਹਨ ਅਤੇ ਉਹ ਵੀ ਈ ਡੀ ਆਈ ਟੀ ਅਤੇ ਪੁਲਸ ਦੇ ਡਰ ਕਾਰਨ ਨਹੀਂ ਬੋਲਦੇ।