ਜੈਪੁਰ- ਹਵਾਈ ਯਾਤਰਾ ਦੌਰਾਨ ਯਾਤਰੀ ਦਾ ਤੀਹ ਕਿਲੋਗਰਾਮ ਭਾਰਾ ਬੈਗ ਗੁੰਮ ਹੋਣ ਦੇ ਲਈ ਜ਼ਿਲ੍ਹਾ ਖਪਤਕਾਰ ਫੋਰਮ ਜੈਪੁਰ ਨੇ ਹਵਾਈ ਕੰਪਨੀ ਏਅਰ ਅਰੇਬੀਆ ‘ਤੇ ਜੁਰਮਾਨਾ ਲਾਇਆ ਹੈ।
ਵਰਨਣ ਯੋਗ ਹੈ ਕਿ ਝੋਟਵਾੜਾ ਦੇ ਜ਼ਾਕਿਰ ਖਾਨ ਨੇ ਏਅਰ ਅਰੇਬੀਆ ਦੀ ਫਲਾਈਟ ਵਿੱਚ 15 ਸਤੰਬਰ 2015 ਨੂੰ ਯਾਤਰਾ ਕੀਤੀ ਸੀ। ਇਸ ਦੌਰਾਨ ਉਸ ਦਾ ਤੀਹ ਕਿਲੋਗਰਾਮ ਵਜ਼ਨ ਦਾ ਬੈਗ ਗੁੰਮ ਹੋ ਗਿਆ। ਬੈਗ ਵਿੱਚ ਕਰੀਬ 65000 ਰੁਪਏ ਦਾ ਸਾਮਾਨ ਸੀ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਬੈਗ ਵਿੱਚ ਕੀਮਤੀ ਘੜੀਆਂ ਤੇ ਦਸਤਾਵੇਜ਼ ਆਦਿ ਸਨ।
ਖਪਤਕਾਰ ਫੋਰਮ ਨੇ ਦੱਸਿਆ ਕਿ ਏਅਰ ਅਰੇਬੀਆ ਨੇ ਇਹ ਮੰਨਿਆ ਕਿ ਬੈਗ ਗੁੰਮ ਹੋਇਆ ਹੈ। ਕੰਪਨੀ ਨੇ ਕਿਹਾ ਕਿ ਸ਼ਿਕਾਇਤ ਕਰਤਾ ਨੂੰ 45 ਦਿਨ ਵਿੱਚ ਕਲੇਮ ਕਰਨਾ ਚਾਹੀਦਾ ਸੀ। ਉਂਜ ਵੀ ਪ੍ਰਾਪਰਟੀ ਇਰੈਗੁਲੈਰਿਟੀ ਰਿਪੋਰਟ ‘ਚ ਸ਼ਿਕਾਇਤ ਕਰਤਾ ਨੇ ਬੈਗ ਵਿੱਚ ਡਰਾਈ ਫਰੂਟ, ਕੱਪੜੇ ਤੇ ਬਲੈਂਕੇਟ ਹੋਣਾ ਦੱਸਿਆ ਸੀ।
ਫੋਰਮ ਨੇ ਏਅਰ ਅਰੇਬੀਆ ਦੀ ਸੇਵਾ ਵਿੱਚ ਕਮੀ ਪਾਈ ਤੇ ਉਸ ਨੂੰ 10000 ਰੁਪਏ ਦਾ ਜੁਰਮਾਨਾ ਲਾਇਆ। ਇਸ ਦੇ ਨਾਲ ਫੋਰਮ ਨੇ ਜ਼ਾਕਿਰ ਖਾਨ ਨੂੰ ਮੁਆਵਜ਼ੇ ਦੇ ਤੌਰ ‘ਤੇ 600 ਅਮਰੀਕਨ ਡਾਲਰ ਦੇ ਬਰਾਬਰ ਭਾਰਤੀ ਰੁਪਏ ਵੀ ਦੇਣ ਦੇ ਕੰਪਨੀ ਨੂੰ ਹੁਕਮ ਦਿੱਤੇ ਹਨ।