ਨੋਇਡਾ- ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਸ਼ੋਸ਼ਲ ਮੀਡੀਆ ਰਾਹੀਂ ਲੜਕੀ ਨੂੰ ਬਦਨਾਮ ਕਰਨ ਦਾ ਇਕ ਹੈਰਾਨੀ ਵਾਲਾ ਕੇਸ ਸਾਹਮਣੇ ਆਇਆ ਹੈ। ਇਥੇ ਇਕ ਲੜਕੀ ਨੇ ਥਾਣੇ ਸ਼ਿਕਾਇਤ ਕੀਤੀ ਹੈ ਕਿ ਉਸ ਦੇ ਨਾਂ ਨਾਲ ਫੇਸਬੁੱਕ ਉੱਤੇ ਫਰਜ਼ੀ ਆਈ ਡੀ ਬਣਾ ਕੇ ਅਸ਼ਲੀਲ ਤਸਵੀਰਾਂ ਤੇ ਵੀਡੀਓ ਬਣਾ ਕੇ ਅਪਲੋਡ ਕੀਤੀਆਂ ਗਈਆਂ ਹਨ। ਸ਼ਿਕਾਇਤ ਮਿਲਣ ਪਿੱਛੋਂ ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਇੰਚਾਰਜ ਵਿਨੇ ਪ੍ਰਕਾਸ਼ ਸਿੰਘ ਨੇ ਇਸ ਕੇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾ ਦੱਸਿਆ ਕਿ ਲੜਕੀ ਅਤੇ ਉਸ ਦੇ ਪਿਤਾ ਨੇ ਸ਼ਿਕਾਇਤ ਦਿੱਤੀ ਹੈ ਕਿ ਕਿਸੇ ਨੇ ਲੜਕੀ ਦੇ ਨਾਂ ਉੱਤੇ ਫਰਜ਼ੀ ਅਕਾਉਂਟ ਬਣਾ ਕੇ ਅਸ਼ਲੀਲ ਤਸਵੀਰਾਂ ਅਤੇ ਵੀਡੀਓ ਅਪਲੋਡ ਕਰ ਦਿੱਤੀਆਂ, ਜਿਸ ਨਾਲ ਲੜਕੀ ਦਾ ਅਕਸ ਖਰਾਬ ਹੋਇਆ।
ਲੜਕੀ ਦੇ ਪਿਤਾ ਮੁਤਾਬਕ ਤਸਵੀਰਾਂ ਅਤੇ ਵੀਡੀਓ ਵਿੱਚ ਉਨ੍ਹਾਂ ਦੀ ਲੜਕੀ ਨੂੰ ਗਲਤ ਤਰੀਕੇ ਨਾਲ ਦਿਖਾਇਆ ਗਿਆ ਹੈ। ਵਰਨਣ ਯੋਗ ਹੈ ਕਿ ਅਜਿਹੇ ਕਈ ਕੇਸ ਸਾਹਮਣੇ ਆ ਚੁੱਕੇ ਹਨ, ਜਿਸ ਵਿੱਚ ਲੜਕੀ ਨੂੰ ਬਲੈਕਮੇਲ ਕਰਨ ਤੇ ਉਸ ਦਾ ਅਕਸ ਖਰਾਬ ਕਰਨ ਲਈ ਸ਼ੋਸ਼ਲ ਮੀਡੀਆ ਨੂੰ ਵਰਤਿਆ ਜਾਂਦਾ ਹੈ।
ਸ਼ੋਸ਼ਲ ਮੀਡੀਆ ਉੱਤੇ ਲੜਕੀਆਂ ਦੀਆਂ ਫੋਟੋ ਲਾਉਣਾ ਭਾਰੀ ਪੈ ਸਕਦਾ ਹੈ। ਕੁਝ ਲੋਕ ਉਨ੍ਹਾਂ ਤਸਵੀਰਾਂ ਨੂੰ ਗਲਤ ਢੰਗ ਨਾਲ ਸ਼ੋਸ਼ਲ ਮੀਡੀਆ ਉੱਤੇ ਅਪਲੋਡ ਕਰਕੇ ਬਲੈਕਮੇਲ ਕਰਦੇ ਹਨ।
ਅਜਿਹਾ ਹੀ ਇਕ ਕੇਸ ਗਾਜ਼ੀਆਬਾਦ ਦੇ ਵਿਜੇਨਗਰ ਤੇ ਹਰਿਆਣਾ ਦੇ ਜੀਂਦ ਤੋਂ ਵੀ ਆ ਚੁੱਕਾ ਹੈ। ਗਾਜ਼ੀਆਬਾਦ ਵਿੱਚ ਲੜਕੀ ਦੀਆਂ ਤਸਵੀਰਾਂ ਨੂੰ ਐਡਿਟ ਕਰਕੇ ਉਨ੍ਹਾਂ ਨੂੰ ਸ਼ੋਸ਼ਲ ਮੀਡੀਆ ਉੱਤੇ ਅਪਲੋਡ ਕੀਤਾ ਗਿਆ ਸੀ।
ਪੀੜਤਾ ਦੇ ਪਰਿਵਾਰ ਨੇ ਇਸ ਦੀ ਸ਼ਿਕਾਇਤ ਵੀ ਕੀਤੀ ਤੇ ਜਾਂਚ ਦੌਰਾਨ ਦੋਸ਼ੀ ਪੀੜਤਾ ਦਾ ਸਾਬਕਾ ਮੰਗੇਤਰ ਨਿਕਲਿਆ ਸੀ। ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ।