ਨਵੀਂ ਦਿੱਲੀ: ਦੇਸ਼ ਵਿੱਚ ਰਾਫੇਲ ਡੀਲ ਵਿੱਚ ਘਪਲੇ ਸਬੰਧੀ ਮੁੱਦਾ ਗਰਮਾਇਆ ਹੋਇਆ ਹੈ। ਇਸੇ ਦੌਰਾਨ ਹਵਾਈ ਫੌਜ ਮੁਖੀ ਬੀਐਸ ਧਨੋਆ ਨੇ ਕਿਹਾ ਹੈ ਕਿ ਰਾਫੇਲ ਲੜਾਕੂ ਜਹਾਜ਼ ਗੇਮਚੇਂਜਰ ਸਾਬਤ ਹੋਏਗਾ। ਰਾਫੇਲ ਜਹਾਜ਼ਾਂ ਦੀ ਗਿਣਤੀ 126 ਤੋਂ 36 ਕੀਤੇ ਜਾਣ ਤੇ ਹਵਾਈ ਫੌਜ ਨੂੰ ਇਸ ਦੀ ਜਾਣਕਾਰੀ ਦਿੰਦਿਆਂ ਧਨੋਆ ਨੇ ਕਿਹਾ ਕਿ ਭਾਰਤੀ ਹਵਾਈ ਫੌਜ ਨਾਲ ਉਚਿਤ ਪੱਧਰ ’ਤੇ ਵਿਚਾਰ ਕੀਤੀ ਗਈ ਸੀ।

ਉਨ੍ਹਾਂ ਦੱਸਿਆ ਕਿ ਫੌਜ ਨੇ ਸਰਕਾਰ ਨੂੰ ਕੁਝ ਵਿਕਲਪ ਦਿੱਤੇ ਸੀ ਪਰ ਉਨ੍ਹਾਂ ’ਚੋਂ ਇੱਕ ਵਿਕਲਪ ਚੁਣਨਾ ਸਰਕਾਰ ਦਾ ਕੰਮ ਹੈ। ਰਾਫੇਲ ਬਣਾਉਣ ਵਾਲੀ ਕੰਪਨੀ ਦਸਾਲਟ ਨੂੰ ਭਾਰਤੀ ਭਾਈਵਾਲ ਬਣਾਏ ਜਾਣ ਦੇ ਵਿਵਾਦ ਸਬੰਧੀ ਉਨ੍ਹਾਂ ਕਿਹਾ ਕਿ ਦਸਾਲਟ ਨੂੰ ਆਫਸੈਟ ਭਾਈਵਾਲ ਦੀ ਚੋਣ ਕਰਨੀ ਸੀ। ਇਸ ਵਿੱਚ ਸਰਕਾਰ ਤੇ ਭਾਰਤੀ ਹਵਾਈ ਫੌਜ ਦੀ ਕੋਈ ਭੂਮਿਕਾ ਨਹੀਂ ਸੀ।



ਦਰਅਸਲ ਕਾਂਗਰਸ ਨੇ ਇਲਜ਼ਾਮ ਲਾਇਆ ਸੀ ਕਿ ਸਰਕਾਰ ਨੇ ਅਨਿਲ ਅੰਬਾਨੀ ਨੂੰ ਫਾਇਦਾ ਪਹੁੰਚਾਉਣ ਲਈ ਫਰਾਂਸ ਸਾਹਮਣੇ ਕੇਵਲ ਇੱਕ ਰਿਲਾਇੰਸ ਕੰਪਨੀ ਦਾ ਨਾਂ ਪੇਸ਼ ਕੀਤਾ, ਜਿਸ ਨੂੰ ਦਸਾਲਟ ਨੇ ਸਵੀਕਾਰ ਕਰ ਲਿਆ। ਕਾਂਗਰਸ ਮੁਤਾਬਕ ਸਰਕਾਰ, ਸਰਕਾਰੀ ਕੰਪਨੀ ਐਚਏਐਲ ਨੂੰ ਵੀ ਭਾਈਵਾਲ ਬਣਾ ਸਕਦੀ ਸੀ।

ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਨੇ 10 ਅਪਰੈਲ, 2015 ਨੂੰ ਪੈਰਿਸ ਵਿੱਚ ਸਾਬਕਾ ਫਰਾਂਸੀਸੀ ਰਾਸ਼ਟਰਪਤੀ ਓਲਾਂਦ ਨਾਲ ਗੱਲਬਾਤ ਪਿੱਛੋਂ 36 ਰਾਫੇਲ ਲੜਾਕੂ ਜਹਾਜ਼ ਖਰੀਦੇ ਜਾਣ ਦਾ ਐਲਾਨ ਕੀਤਾ ਸੀ। ਇਸ ਜਹਾਜ਼ ਸਬੰਧੀ ਹਵਾਈ ਫੌਜ ਮੁਖੀ ਧਨੋਆ ਨੇ ਕਿਹਾ ਕਿ ਰਾਫੇਲ ਚੰਗਾ ਜਹਾਜ਼ ਹੈ। ਇਹ ਮਹੱਤਵਪੂਰਨ ਸਾਬਤ ਹੋਏਗਾ। ਉਨ੍ਹਾਂ ਕਿਹਾ ਕਿ ਸਾਨੂੰ ਚੰਗਾ ਪੈਕੇਜ ਮਿਲਿਆ ਹੈ। ਰਾਫੇਲ ਸੌਦੇ ਵਿੱਚ ਕਈ ਫਾਇਦੇ ਮਿਲੇ ਹਨ।

ਉਨ੍ਹਾਂ ਕਿਹਾ ਕਿ ਸਰਕਾਰਾਂ ਵਿਚਾਲੇ ਹੋਈ ਡੀਲ ਮੁਤਾਬਕ ਦੋ ਸਕੁਆਡ੍ਰਨ ਖਰੀਦਣ ਦਾ ਫੈਸਲਾ ਹੋਇਆ ਸੀ। HAL ਨੂੰ ToT (ਟਰਾਂਸਫਰ ਆਫ ਤਕਨਾਲੋਜੀ) ਤੇ ਲਾਇਸੈਂਸੀ ਉਤਪਾਦਨ ਲਈ ਸ਼ਾਮਲ ਕੀਤਾ ਗਿਆ ਸੀ। HAL ਨੂੰ ਦਰਕਿਨਾਰ ਕੀਤੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਰਾਫੇਲ ਤੇ S-400 ਏਅਰ ਡਿਫੈਂਸ ਮਿਸਾਈਲ ਸਿਸਟਮ ਦੇ ਸੌਦੇ ਨੂੰ ‘ਬੂਸਟਰ ਡੋਜ਼’ ਦੱਸਿਆ।