ਨਵੀਂ ਦਿੱਲੀ: ਪ੍ਰਧਾਨ ਮੰਤਰੀ ਦਾ ਜਹਾਜ਼ ਹੁਣ ਹਵਾਈ ਸੈਨਾ ਦੇ ਪਾਈਲਟ ਉਡਾਉਣਗੇ। ਇਸ ਲਈ ਏਅਰ ਇੰਡੀਆ ਹਵਾਈ ਸੈਨਾ ਦੇ ਕਰੀਬ 10 ਪਾਈਲਟਾਂ ਨੂੰ ਟ੍ਰੇਨਿੰਗ ਦੇਵੇਗੀ। ਇਹ ਪਹਿਲੀ ਵਾਰ ਹੋਵੇਗਾ ਕਿ ਏਅਰ ਇੰਡੀਆ ਦੇ ਪਾਈਲਟ ਪ੍ਰਧਾਨ ਮੰਤਰੀ ਦਾ ‘ਏਅਰ ਇੰਡੀਆ ਵਨ’ ਜਹਾਜ਼ ਨਹੀਂ ਉਡਾਉਣਗੇ। ਰਾਸ਼ਟਰਪਤੀ, ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਲਈ 2 ਨਵੇਂ ਬੋਇੰਗ 777 ਏਅਰ-ਕਰਾਫਟ ਆਉਣਗੇ, ਜੋ ਜੁਲਾਈ 2020 ਤੋਂ ਉਡਾਣ ਭਰਨਗੇ।


ਇਨ੍ਹਾਂ ਨਵੇਂ ਬੋਇੰਗ ਦਾ ਰੱਖ ਰਖਾਅ ਏਅਰ ਇੰਡੀਆ ਇੰਜਨੀਅਰਿੰਗ ਸਰਵਿਸ ਲਿਮਟਿਡ ਵੱਲੋਂ ਹੀ ਕੀਤਾ ਜਾਵੇਗਾ। ਇਹ ਏਅਰ ਇੰਡੀਆ ਦੀ ਹੀ ਕੋ-ਕੰਪਨੀ ਹੈ। ਹੁਣ ਤਕ ਰਾਸ਼ਟਰਪਤੀ, ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਲਈ ਏਅਰ ਇੰਡੀਆ ਦਾ ਬੋਇੰਗ 747 ਜਹਾਜ਼ ਇਸਤੇਮਾਲ ਕੀਤਾ ਜਾਂਦਾ ਹੈ। ਇਸ ਜਹਾਜ਼ ਨੂੰ ਏਅਰ ਇੰਡੀਆ ਵਨ ਕਿਹਾ ਜਾਂਦਾ ਹੈ। ਭਾਰਤੀ ਉੱਚ ਅਧਿਕਾਰੀਆਂ ਲਈ ਏਅਰ ਇੰਡੀਆ ਦੇ ਪਾਈਲਟ ਹੀ ਬੋਇੰਗ 747 ਏਅਰ ਕ੍ਰਾਫਟ ਉਡਾਉਂਦੇ ਹਨ ਤੇ ਏਆਈਈਐਸਐਲ ਇਨ੍ਹਾਂ ਦੀ ਦੇਖਭਾਲ ਕਰਦੀ ਹੈ।

ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭਾਰਤ ਨੂੰ ਅਮਰੀਕਾ ਤੋਂ ਦੋ ਬੋਇੰਗ 777 ਅਗਲੇ ਸਾਲ ਮਿਲ ਜਾਣਗੇ ਜਿਨ੍ਹਾਂ ਨੂੰ ਏਅਰ ਇੰਡੀਆ ਵਨ ਕਿਹਾ ਜਾਵੇਗਾ ਤੇ ਇਨ੍ਹਾਂ ਨੂੰ ਹਵਾਈ ਸੈਨਾ ਦੇ ਪਾੲਲਿਟ ਉਡਾਉਣਗੇ।