ਲਖਨਊ: ਜੇਲ੍ਹ ਵਿੱਚ ਬੰਦ ਸਾਬਕਾ ਮੰਤਰੀ ਅਮਰਮਣੀ ਤ੍ਰਿਪਾਠੀ ਦੀ ਧੀ ਤਨੁਸ਼੍ਰੀ ਨੂੰ ਮਹਾਰਾਜਗੰਜ ਸੀਟ ਤੋਂ ਦੋ ਪਾਰਟੀਆਂ ਵੱਲੋਂ ਉਮੀਦਵਾਰ ਬਣਾਉਣ ਦੀ ਚਰਚਾ ਸੀ। ਚਰਚਾ ਸੀ ਕਿ ਸ਼ਿਵਪਾਲ ਯਾਦਵ ਦੀ ਪਾਰਟੀ ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ (ਲੋਹੀਆ) ਨੇ ਟਿਕਟ ਦਿੱਤਾ ਤੇ ਨਾਲ ਹੀ ਉਸ ਨੂੰ ਕਾਂਗਰਸ ਨੇ ਵੀ ਇਸੇ ਸੀਟ ਤੋਂ ਟਿਕਟ ਦੇ ਦਿੱਤਾ। ਬਾਅਦ ਵਿੱਚ ਸਾਹਮਣੇ ਆਇਆ ਕਿ ਕਾਂਗਰਸ ਨੇ ਮਹਾਰਾਜਗੰਜ ਸੀਟ ਤੋਂ ਸੁਪ੍ਰਿਆ ਸ਼੍ਰੀਨਾਤੇ ਨੂੰ ਟਿਕਟ ਦੇ ਦਿੱਤੀ।
ਅਮਰਮਣੀ ਕਵਿੱਤਰੀ ਮਧੁਮਿਤਾ ਦੇ ਕਤਲ ਦੇ ਜੁਰਮ ਵਿੱਚ ਸਜ਼ਾ ਕੱਟ ਰਿਹਾ ਹੈ। ਅਮਰਮਣੀ ਦੇ ਪੁੱਤਰ ਅਮਨਮਣੀ 'ਤੇ ਵੀ ਆਪਣੀ ਪਤਨੀ ਸਾਰਾ ਸਿੰਘ ਦੀ ਹੱਤਿਆ ਦਾ ਇਲਜ਼ਾਮ ਹੈ। ਸਿਆਸਤ ਦਾ ਤਜ਼ਰਬਾ ਤਨੁਸ਼੍ਰੀ ਨੇ ਆਪਣੇ ਪਿਤਾ ਤੋਂ ਹੀ ਸਿੱਖਿਆ। ਹੁਣ ਉਹ ਭਰਾ ਅਮਨ ਮਣੀ ਨਾਲ ਪਿਤਾ ਸਿਆਸੀ ਵਿਰਾਸਤ ਨੂੰ ਅੱਗੇ ਵਧਾ ਰਹੀ ਹੈ।
ਤਨੁਸ਼੍ਰੀ ਦਾ ਜਨਮ 11 ਜਨਵਰੀ, 1990 ਨੂੰ ਗੋਰਖਪੁਰ ਵਿੱਚ ਹੋਇਆ ਸੀ। ਨੈਨੀਤਾਲ ਦੇ ਸੇਂਟ ਮੇਰੀ ਕਾਨਵੈਂਟ ਸਕੂਲ ਤੋਂ ਮੁਢਲੀ ਵਿੱਦਿਆ ਹਾਸਲ ਕੀਤੀ। ਫਿਰ ਦਿੱਲੀ ਯੂਨੀਵਪਸਿਟੀ ਤੋਂ ਇਤਿਹਾਸ ਆਨਰਜ਼ ਦੀ ਡਿਗਰੀ ਕੀਤੀ, ਫਿਰ ਲੰਡਨ ਯੂਨੀਵਰਸਿਟੀ ਤੋਂ ਕੌਮਾਂਤਰੀ ਰਿਸ਼ਤਿਆਂ ਵਿੱਚ ਮਾਸਟਰਜ਼ ਦੀ ਡਿਗਰੀ ਹਾਸਲ ਕੀਤੀ। ਡਿਗਰੀ ਉਪਰੰਤ ਤਨੁਸ਼੍ਰੀ ਨੇ ਯੂਕੇ ਦੀ ਕੰਪਨੀ 'ਕੇ ਇੰਟਰਨੈਸ਼ਨਲ' ਵਿੱਚ ਨੌਕਰੀ ਕੀਤੀ ਪਰ ਸਾਲ 2014 ਵਿੱਚ ਘਰ ਦੇ ਹਾਲਤ ਦੇਖਦਿਆਂ ਨੌਕਰੀ ਛੱਡ ਦਿੱਤੀ ਤੇ ਆਪਣੀ ਛੋਟੀ ਭੈਣ ਅਲੰਕ੍ਰਿਤਾ ਨਾਲ ਮਿਲ ਕੇ ਭਰਾ ਅਮਨ ਲਈ ਚੋਣ ਪ੍ਰਚਾਰ ਕਰਨ ਲੱਗੀਆਂ।
ਅਮਰਮਣੀ ਦਾ ਕਹਿਣਾ ਹੈ ਕਿ ਤਨੁਸ਼੍ਰੀ ਨੇ ਦੋਵੇਂ ਪਾਰਟੀਆਂ ਤੋਂ ਟਿਕਟ ਮੰਗੀ ਸੀ। ਹਾਲਾਂਕਿ, ਤਨੁਸ਼੍ਰੀ ਨੇ ਪਹਿਲਾਂ ਕਿਹਾ ਸੀ ਕਿ ਉਸ ਨੇ ਟਿਕਟ ਨਹੀਂ ਮੰਗਿਆ ਬਲਕਿ ਮਹਾਰਾਜਗੰਜ ਸੀਟ ਨੇ ਉਸ ਨੂੰ ਚੁਣਿਆ ਹੈ ਤੇ ਉਹ ਪਾਰਟੀ ਦੀਆਂ ਉਮੀਦਾਂ 'ਤੇ ਖਰਾ ਉੱਤਰੇਗੀ।