ਅਮਿਤ ਸ਼ਾਹ ਨੇ ਰਾਹੁਲ ਗਾਂਧੀ ਨੂੰ ਦੱਸਿਆ 'ਸੈਲਾਨੀ ਲੀਡਰ', ਆਪਣੇ MP ਸੰਨੀ ਦਿਓਲ ਬਾਰੇ ਭੁੱਲੇ ਗ੍ਰਹਿ ਮੰਤਰੀ
ਅਮਿਤ ਸ਼ਾਹ ਨੇ ਪੱਛਮੀ ਬੰਗਾਲ 'ਚ ਚੋਣ ਗਠਜੋੜ ਲਈ ਲੈਫਟ ਪਾਰਟੀਆਂ ਤੇ ਕਾਂਗਰਸ 'ਤੇ ਤਨਜ ਕੱਸਿਆ ਤੇ ਕਿਹਾ ਕਿ ਕਮਿਊਨਿਸਟਾਂ ਤੇ ਕਾਂਗਰਸ ਨੂੰ ਇਕ ਨਵੀਂ ਪਾਰਟੀ ਬਣਾਉਣੀ ਚਾਹੀਦੀ ਹੈ ਜਿਸ ਦਾ ਨਾਂਅ ਕਾਮਰੇਡ ਕਾਂਗਰਸ ਪਾਰਟੀ ਹੋ ਸਕਦਾ ਹੈ।
ਮੀਨਾਂਗੜੀ: ਕਾਂਗਰਸ 'ਤੇ ਹਮਲਾ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਕਿਹਾ ਕਿ ਰਾਹੁਲ ਗਾਂਧੀ ਸੈਲਾਨੀ ਲੀਡਰ ਹਨ। ਜਿੰਨ੍ਹਾਂ ਨੇ 15 ਸਾਲ ਤਕ ਸੰਸਦ 'ਚ ਅਮੇਠੀ ਦੀ ਅਗਵਾਈ ਕੀਤੀ ਤੇ ਫਿਰ ਕੇਰਲ ਦੇ ਵਾਇਨਾਡ ਚਲੇ ਗਏ। ਉਨ੍ਹਾਂ ਇਲਜ਼ਾਮ ਲਾਇਆ ਕਿ ਕਾਂਗਰਸ ਤੇ ਗਾਂਧੀ ਪਰਿਵਾਰ ਲਈ ਲੋਕ ਸਿਰਫ ਵੋਟ ਬੈਂਕ ਹਨ ਤੇ ਸਰਕਾਰ ਧਨ ਬੈਂਕ ਹੈ।
ਅਮਿਤ ਸ਼ਾਹ ਨੇ ਪੱਛਮੀ ਬੰਗਾਲ 'ਚ ਚੋਣ ਗਠਜੋੜ ਲਈ ਲੈਫਟ ਪਾਰਟੀਆਂ ਤੇ ਕਾਂਗਰਸ 'ਤੇ ਤਨਜ ਕੱਸਿਆ ਤੇ ਕਿਹਾ ਕਿ ਕਮਿਊਨਿਸਟਾਂ ਤੇ ਕਾਂਗਰਸ ਨੂੰ ਇਕ ਨਵੀਂ ਪਾਰਟੀ ਬਣਾਉਣੀ ਚਾਹੀਦੀ ਹੈ ਜਿਸ ਦਾ ਨਾਂਅ ਕਾਮਰੇਡ ਕਾਂਗਰਸ ਪਾਰਟੀ ਹੋ ਸਕਦਾ ਹੈ।
ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ, 'ਇਹ ਵਾਇਨਾਡ ਰਾਹੁਲ ਗਾਂਧੀ ਦਾ ਵੀ ਸੰਸਦੀ ਖੇਤਰ ਹੈ। ਉਹ 15 ਸਾਲ ਤਕ ਅਮੇਠੀ ਦੀ ਅਗਵਾਈ ਕਰਦੇ ਰਹੇ। ਉੱਥੇ ਕੁਝ ਨਹੀਂ ਬਦਲਿਆ। ਹੁਣ ਉਹ ਇੱਥੇ ਆ ਗਏ ਹਨ। ਉਨ੍ਹਾਂ ਕਿਹਾ ਮੈਂ ਰਾਹੁਲ ਬਾਬਾ ਦੀ ਤਰ੍ਹਾਂ ਸੈਲਾਨੀ ਲੀਡਰ ਨਹੀਂ ਦੇਖਿਆ। ਕਦੇ ਉਹ ਅਮੇਠੀ 'ਚ ਹੁੰਦੇ ਹਨ ਤੇ ਕਦੇ ਵਾਇਨਾਡ। ਉਹ ਇੱਥੇ ਸੈਲਾਨੀ ਦੀ ਤਰ੍ਹਾਂ ਆਉਂਦੇ ਹਨ ਤੇ ਉਨ੍ਹਾਂ ਤੋਂ ਵਿਕਾਸ ਦੀ ਉਮੀਦ ਨਾ ਰੱਖਣਾ।'
ਇੱਥੇ ਜ਼ਿਕਰਯੋਗ ਇਹ ਵੀ ਹੈ ਕਿ ਚੋਣ ਜਿੱਤਣ ਲਈ ਸਿਆਸੀ ਲੀਡਰ ਕੋਈ ਵੀ ਬਿਆਨਬਾਜ਼ੀ ਕਰ ਦਿੰਦੇ ਹਨ। ਅਮਿਤ ਸ਼ਾਹ ਨੇ ਰਾਹੁਲ ਗਾਂਧੀ ਨੂੰ ਸੈਲਾਨੀ ਲੀਡਰ ਦੱਸਿਆ ਪਰ ਉਹ ਸ਼ਾਇਦ ਪੰਜਾਬ ਦੇ ਗੁਰਦਾਸਪੁਰ ਤੋਂ ਆਪਣੇ ਐਮਪੀ ਸੰਨੀ ਦਿਓਲ ਬਾਰੇ ਭੁੱਲ ਗਏ ਕਿ ਹੈ ਉਹ ਵੀ ਸੈਲਾਨੀ ਲੀਡਰ ਜੋ ਆਮ ਤੌਰ 'ਤੇ ਮੁੰਬਈ ਰਹਿੰਦੇ ਹਨ ਪਰ ਮੌਕਾ ਮਿਲਣ 'ਤੇ ਗੁਰਦਾਸਪੁਰ ਜਾ ਆਉਦੇ ਹਨ।
ਅਮਿਤ ਸ਼ਾਹ ਨੇ ਇਲਜ਼ਾਮ ਲਾਏ ਕਿ ਯੂਪੀਏ ਸਰਕਾਰ ਨੇ 10ਸਾਲ ਤਕ ਸ਼ਾਸਨ ਕੀਤਾ। ਲੋਕਾਂ ਨੇ ਵਿਕਾਸ ਲਈ ਉਨ੍ਹਾਂ ਨੂੰ ਵੋਟ ਦਿੱਤੇ। ਇਸ ਦੀ ਬਜਾਇ ਉਹ ਭ੍ਰਿਸ਼ਟਾਚਾਰ 'ਚ ਮਘਨ ਰਹੇ ਤੇ 12 ਲੱਖ ਕਰੋੜ ਰੁਪਏ ਦੇ ਘੋਟਾਲੇ ਕੀਤੇ। ਉਨ੍ਹਾਂ ਕਿਹਾ, 'ਕਾਂਗਰਸ ਤੇ ਗਾਂਧੀ ਪਰਿਵਾਰ ਲਈ ਲੋਕ ਮਹਿਜ਼ ਵੋਟ ਬੈਂਕ ਹਨ ਤੇ ਸਰਕਾਰ ਧਨ ਬੈਂਕ।'
ਐਲਡੀਐਫ ਤੇ ਯੂਡੀਐਫ 'ਤੇ ਵਾਰ ਕਰਦਿਆਂ ਸ਼ਾਹ ਨੇ ਕਿਹਾ ਕਿ ਕੇਰਲ 'ਚ ਪਿਛਲੇ ਦੋ ਦਹਾਕੇ ਤੋਂ ਵਿਕਾਸ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਹ ਸੂਬਾ ਕਦੇ ਦੇਸ਼ 'ਚ ਸੈਲਾਨੀਆਂ ਦਾ ਕੇਂਦਰ ਸੀ ਤੇ ਇੱਥੇ ਵੱਧ ਪੜ੍ਹੇ ਲਿਖੇ ਲੋਕ ਸਨ। ਜਦਕਿ ਪਿਛਲੇ ਕਈ ਸਾਲਾਂ ਤੋਂ ਐਲਡੀਐਫ ਤੇ ਯੂਡੀਐਫ ਮੋਰਚਾ ਸ਼ਾਸਨ ਕਰ ਰਿਹਾ ਹੈ ਜਿਸਨੇ ਸੂਬੇ ਦਾ ਵਿਕਾਸ ਬੰਨ੍ਹ ਕੇ ਰੱਖਿਆ ਹੈ ਤੇ ਭ੍ਰਿਸ਼ਟਾਚਾਰ, ਸਿਆਸੀ ਹਿੰਸਾ 'ਚ ਮਸ਼ਰੂਫ ਹਨ।