ਨਵੀਂ ਦਿੱਲੀ: ਬੈਂਕ ਵਿੱਚ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਕਾਂਗਰਸ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਰਿਸ਼ਤੇਦਾਰ ਨੇ ਕਿਸਾਨਾਂ ਦੀ ਖ਼ੂਨ ਪਸੀਨੇ ਦੀ ਕਮਾਈ ਦਾ ਪੈਸਾ ਹੜਪ ਕਰ ਲਿਆ ਹੈ।

ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਦਾਮਾਦ 'ਤੇ ਦਰਜ ਮੁਕੱਦਮੇ ਵੱਲ ਇਸ਼ਾਰਿਆਂ ਕਰਦਿਆਂ ਟਵੀਟ ਕੀਤਾ,"ਪੰਜਾਬ ਦੇ ਮੁੱਖ ਮੰਤਰੀ ਦੇ ਜਵਾਈ ਨੇ ਭਾਰਤ ਦੇ ਮਿਹਨਤੀ ਕਿਸਾਨਾਂ ਦੇ ਪੈਸੇ ਹੜਪ ਲਏ ਹਨ। ਇਸ ਤੋਂ ਵੱਧ ਸ਼ਰਮਨਾਕ ਹੋਰ ਕੀ ਹੋ ਸਕਦਾ ਹੈ ਕਿ ਕਾਂਗਰਸ ਨੇ ਕਿਸਾਨਾਂ ਨੂੰ ਲੁੱਟਿਆ।"

ਭਾਜਪਾ ਪ੍ਰਧਾਨ ਨੇ ਸਵਾਰ ਕੀਤਾ ਕਿ ਕਾਂਗਰਸ ਨੇ ਬੈਂਕ ਵਿੱਚ ਕਥਿਤ ਧੋਖਾਧੜੀ ਨਾਲ ਜੁੜੀਆਂ ਖ਼ਬਰਾਂ ਸਬੰਧੀ ਟਵੀਟ ਨੂੰ ਕਿਉਂ ਹਟਾਇਆ। ਉਨ੍ਹਾਂ ਟਵੀਟ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਜਵਾਈ ਨੂੰ ਸਾਹਮਣੇ ਲਿਆਉਣ ਵਾਲੇ ਟਵੀਟ ਨੂੰ ਕਿਓਂ ਹਟਾਇਆ ਗਿਆ। ਸ਼ਾਹ ਨੇ ਕਾਂਗਰਸ 'ਤੇ ਲੱਗੇ ਹੋਏ ਕਈ ਘੁਟਾਲਿਆਂ ਦੇ ਇਲਜ਼ਾਮਾਂ ਦਾ ਵੀ ਜ਼ਿਕਰ ਕੀਤਾ।

ਸੀ.ਬੀ.ਆਈ. ਨੇ 22 ਫਰਵਰੀ ਨੂੰ ਸਿੰਭਾਵਲੀ ਸ਼ੂਗਰਜ਼ ਲਿਮਿਟਡ ਦੇ ਮੁਖੀ ਗੁਰਮੀਤ ਸਿੰਘ ਮਾਨ, ਉਪ-ਪ੍ਰਬੰਧਕੀ ਨਿਰਦੇਸ਼ਕ ਗੁਰਪਾਲ ਸਿੰਘ ਤੇ ਹੋਰਾਂ ਵਿਰੁੱਧ 97.85 ਕਰੋੜ ਰੁਪਏ ਦੀ ਕਥਿਤ ਬੈਂਕ ਧੋਖਾਧੜੀ ਮਾਮਲੇ ਵਿੱਚ ਕੇਸ ਦਰਜ ਕੀਤਾ ਸੀ। ਗੁਰਪਾਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਵਾਈ ਹਨ।