ਅਹਿਮਦਾਬਾਦ: ਭਾਜਪਾ ਮੁਖੀ ਅਮਿਤ ਸ਼ਾਹ ਦਾ ਬੇਟੇ ਜੈ ਸ਼ਾਹ ਅੱਜ ਵੈੱਬਸਾਈਟ 'ਦ ਵਾਇਰ' ਖਿਲਾਫ 100 ਕਰੋੜ ਦੀ ਮਾਣਹਾਨੀ ਦਾ ਕੇਸ ਕਰਨਗੇ। 'ਦ ਵਾਇਰ' ਨੇ ਉਨ੍ਹਾਂ ਦੀ ਕੰਪਨੀ ਦੇ ਟਰਨਓਵਰ ਵਿੱਚ ਬੰਪਰ ਉਛਾਲ ਦੀ ਰਿਪੋਰਟ ਛਾਪੀ ਸੀ। 'ਦ ਵਾਇਰ' ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਸੀ ਕਿ ਭਾਜਪਾ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਘਾਟੇ ਵਿੱਚ ਚੱਲ ਰਹੀ ਜੈ ਸ਼ਾਹ ਦੀ ਕੰਪਨੀ ਦੇ ਟਰਨਓਵਰ ਵਿੱਚ ਇੱਕ ਸਾਲ ਵਿੱਚ 16,000 ਗੁਣਾ ਤੱਕ ਇਜ਼ਾਫਾ ਹੋਇਆ।


ਦੱਸ ਦਈਏ ਕਿ ਦਾ 'ਦ ਵਾਇਰ' ਦੀ ਰਿਪੋਰਟ ਛਪਣ ਤੇ ਕਾਂਗਰਸ ਦੇ ਹਮਲੇ ਤੋਂ ਬਾਅਦ ਭਾਜਪਾ ਨੇਤਾ ਤੇ ਕੇਂਦਰੀ ਰੇਲਵੇ ਮੰਤਰੀ ਪਿਯੂਸ਼ ਗੋਇਲ ਨੇ ਵੈੱਬਸਾਈਟ ਦੀ ਰਿਪੋਰਟ ਨੂੰ ਮਨਘੜਤ ਤੇ ਅਮਿਤ ਸ਼ਾਹ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਵਾਲਾ ਦੱਸਦਿਆਂ ਵੈਬਸਾਈਟ, ਵੈੱਬਸਾਈਟ ਦੇ ਸੰਪਾਦਕ ਤੇ ਰਿਪੋਰਟਰ ਖਿਲਾਫ ਮਾਣਹਾਨੀ ਦਾ ਕੇਸ ਦਰਜ ਕਰਨ ਦਾ ਐਲਾਨ ਕੀਤਾ ਸੀ। ਜੈ ਸ਼ਾਹ 'ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਖਾਰਜ ਕਰਦਿਆਂ ਪਿਯੂਸ਼ ਗੋਇਲ ਨੇ ਕਿਹਾ ਸੀ ਕਿ ਇਹ ਝੂਠ ਤੇ ਪੂਰੀ ਤਰ੍ਹਾਂ ਤੋਂ ਤੱਥਹੀਣ ਤੇ ਖ਼ਰਾਬ ਭਾਵ ਨਾਲ ਲਾਏ ਗਏ ਅਪਮਾਨਜਨਕ ਇਲਜ਼ਾਮ ਹਨ। ਅਸੀਂ ਇਨ੍ਹਾਂ ਇਲਜ਼ਾਮਾਂ ਦਾ ਪੂਰੀ ਤਰ੍ਹਾਂ ਖੰਡਨ ਕਰਦੇ ਹਾਂ ਤੇ ਨਕਾਰਦੇ ਹਾਂ।

ਜੈ ਸ਼ਾਹ ਨੇ ਵੀ ਆਪਣੀ ਸਫਾਈ ਵਿੱਚ ਕਿਹਾ ਸੀ ਕਿ ਵੈੱਬਸਾਈਟ ਨੇ ਆਪਣੀ ਸਟੋਰੀ ਵਿੱਚ ਝੂਠ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੇ ਅਕਸ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਲੋਕਾਂ ਦੇ ਮਨ ਵਿੱਚ ਅਜਿਹਾ ਅਕਸ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਨ੍ਹਾਂ ਦੇ ਕਾਰੋਬਾਰ ਵਿੱਚ ਸਫਲਤਾ ਉਨ੍ਹਾਂ ਦੇ ਪਿਤਾ ਦੀ ਰਾਜਨੀਤਕ ਹੈਸੀਅਤ ਕਰਕੇ ਮਿਲੀ ਹੈ। ਉਨ੍ਹਾਂ ਕਿਹਾ ਕਿ ਮੇਰਾ ਕਾਰੋਬਾਰ ਪੂਰੀ ਤਰ੍ਹਾਂ ਕਾਨੂੰਨ ਦਾ ਪਾਲਣ ਕਰਦਾ ਹੈ ਜੋ ਮੇਰੇ ਟੈਕਸ ਰਿਕਾਰਡ ਤੇ ਬੈਂਕ ਟ੍ਰਾਂਜ਼ੈਕਸ਼ਨ ਤੋਂ ਪਤਾ ਲੱਗਦਾ ਹੈ। ਕਿਸੇ ਵੀ ਕਾਰਪੋਰੇਟ ਬੈਂਕ ਤੋਂ ਲੋਨ ਨਿਯਮਾਂ ਤੇ ਕ਼ਾਨੂੰਨ ਦੇ ਹਿਸਾਬ ਨਾਲ ਹੀ ਲਏ ਗਏ ਹਨ।

'ਦ ਵਾਇਰ' ਦੀ ਰਿਪੋਰਟ ਦੇ ਅਧਾਰ ਤੇ ਕਾਂਗਰਸ ਨੇ ਅਮਿਤ ਸ਼ਾਹ ਨੂੰ ਨਿਸ਼ਾਨੇ ਤੇ ਲਿਆ। ਕਾਂਗਰਸ ਨੇਤਾ ਕਪਿਲ ਸਿੱਬਲ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ 2014 ਵਿੱਚ ਸਰਕਾਰ ਬਦਲਣ ਨਾਲ ਹੀ ਅਮਿਤ ਸ਼ਾਹ ਦੇ ਬੇਟੇ ਦੀ ਕਿਸਮਤ ਵੀ ਬਦਲ ਗਈ ਹੈ। ਕਾਂਗਰਸ ਨੇ ਪੁੱਛਿਆ ਕਿ ਕੀ ਪੀਐਮ ਮੋਦੀ ਈਦ ਮਾਮਲੇ ਦੀ ਜਾਂਚ ਕਰਵਾਉਣਗੇ?