ਨਵੀਂ ਦਿੱਲੀ: ਦੇਸ਼ ਦੀ ਨਿੱਜੀ ਖੇਤਰ ਦੀ ਸਭ ਤੋਂ ਵੱਡੀ ਕੰਪਨੀ ‘ਰਿਲਾਇੰਸ ਗਰੁੱਪ’ ਦੀ ਸਥਾਪਨਾ ਧੀਰੂਭਾਈ ਅੰਬਾਨਾ ਨੇ ਕੀਤੀ ਸੀ ਪਰ ਹੁਣ ਇਹ ਵਿਵਾਦਾਂ ’ਚ ਰਹਿਣ ਲੱਗੀ ਹੈ। ਦਰਅਸਲ, ਧੀਰੂਭਾਈ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਦੋਵੇਂ ਪੁੱਤਰਾਂ ਮੁਕੇਸ਼ ਅੰਬਾਨੀ ਤੇ ਅਨਿਲ ਅੰਬਾਨੀ ਨੇ ਰਿਲਾਇੰਸ ਦੀ ਵਾਗਡੋਰ ਸੰਭਾਲ ਲਈ ਪਰ ਕੁਝ ਸਾਲਾਂ ’ਚ ਦੋਵੇਂ ਭਰਾ ਅਲੱਗ ਹੋ ਗਏ ਤੇ ਕੰਪਨੀ ਵੀ ਦੋਫਾੜ ਹੋ ਗਈ।

ਹੁਣ ਹਾਲਾਤ ਇਹ ਹਨ ਕਿ ਵੱਡੇ ਭਰਾ ਨੂੰ ਭਾਰਤ ਸਰਕਾਰ ਦੀਆਂ ਨੀਤੀਆਂ ਕਾਰਨ ਕਿਸਾਨ ਅੰਦੋਲਨ ’ਚ ਵਿਰੋਧ ਝੱਲਣਾ ਪੈ ਰਿਹਾ ਹੈ ਤੇ ਛੋਟਾ ਭਰਾ ਅਨਿਲ ਪਹਿਲਾਂ ਹੀ ਖ਼ੁਦ ਨੂੰ ਦੀਵਾਲੀਆ ਐਲਾਨ ਚੁੱਕਾ ਹੈ।

ਅੰਗ੍ਰੇਜ਼ੀ ਵੈੱਬਸਾਈਟ ‘ਬਿਜ਼ਨੈੱਸ ਇਨਸਾਈਡਰ ਡਾਟ ਇਨ’ (www.businessinsider.in) ਦੀ ਰਿਪੋਰਟ ਮੁਤਾਬਕ ਅਨਿਲ ਅੰਬਾਨੀ ਦੀਆਂ ਤਿੰਨ ਕੰਪਨੀਆਂ ਉੱਤੇ ਕਥਿਤ ਤੌਰ ਉੱਤੇ ਬੈਂਕਾਂ ਨਾਲ ਧੋਖਾਧੜੀ ਕਰਨ ਦਾ ਦੋਸ਼ ਲੱਗਾ ਹੈ। ਵਿਜੇ ਮਾਲਿਆ ਵੱਲੋਂ ਲਏ ਕਰਜ਼ੇ ਦੀ ਰਕਮ ਤੋਂ 10 ਗੁਣਾ ਵੱਧ ਕਰਜ਼ਾ ਅਨਿਲ ਅੰਬਾਨੀ ਨੇ ਲਿਆ ਹੋਇਆ ਹੈ। ਕਰਜ਼ੇ ਦੀ ਰਕਮ 86,188 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਅਨਿਲ ਅੰਬਾਨੀ ਦੀਆਂ ਤਿੰਨ ਕੰਪਨੀਆਂ ਨੇ ਸਟੇਟ ਬੈਂਕ ਆੱਫ਼ ਇੰਡੀਆ, ਯੂਨੀਅਨ ਬੈਂਕ ਆਫ਼ ਇੰਡੀਆ ਤੇ ਇੰਡੀਅਨ ਓਵਰਸੀਜ਼ ਬੈਂਕ ਤੋਂ ਕਰਜ਼ਾ ਤਾਂ ਲੈ ਲਿਆ ਪਰ ਮੋੜਿਆ ਨਹੀਂ। ਹੁਣ ਬੈਂਕ ਅਨਿਲ ਅੰਬਾਨੀ ਦੀ ਅਗਵਾਈ ਹੇਠਲੀਆਂ ਰਿਲਾਇੰਸ ਗਰੁੱਪ ਦੀਆਂ ਕੰਪਨੀਆਂ ਰਿਲਾਇੰਸ ਕਮਿਊਨੀਕੇਸ਼ਨ, ਰਿਲਾਇੰਸ ਇੰਫ਼੍ਰਾਟੈਲ ਤੇ ਰਿਲਾਇੰਸ ਟੈਲੀਕਾਮ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀਆਂ ਤਿਆਰੀਆਂ ਕਰ ਰਹੇ ਹਨ।


ਹਰਸ਼ਦ ਮਹਿਤਾ ਦੇ ਸ਼ੇਅਰ ਘੁਟਾਲੇ ਦਾ ਪਰਦਾਫ਼ਾਸ਼ ਕਰਨ ਵਾਲੇ ਸੁਚੇਤਾ ਦਲਾਲ ਨੇ ਆਪਣੇ ਟਵਿਟਰ ਹੈਂਡਲ ਉੱਤੇ ਇੱਕ ਸੁਆਲ ਲਿਖਿਆ ਹੈ ਕਿ  ਕੀ ਕੋਈ ਅਨੁਮਾਨ ਲਾ ਸਕਦਾ ਹੈ ਕਿ ਭਾਰਤ ਦਾ ਸਭ ਤੋਂ ਵੱਡਾ ਕਾਰਪੋਰੇਟ ਡੀਫ਼ਾਲਟਰ ਕੌਣ ਹੈ? ਉਸ ਵਿਰੁੱਧ ਸਰਕਾਰ ਵੱਲ਼ ਕੋਈ ਕਾਰਵਾਈ ਵੀ ਨਹੀਂ ਕੀਤੀ ਗਈ ਹੈ।