ਚੰਡੀਗੜ੍ਹ: ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਨੇ ਲੋਕਪਾਲ ਬਿੱਲ ਸਬੰਧੀ ਇੱਕ ਵਾਰ ਫਿਰ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ। ਅੰਨਾ ਹਜ਼ਾਰੇ ਨੇ ਕਿਹਾ ਕਿ ਜੇਕਰ ਅਗਲੇ ਸਾਲ 30 ਜਨਵਰੀ ਤੱਕ ਲੋਕਪਾਲ ਬਿੱਲ ਪਾਸ ਨਹੀਂ ਹੋਇਆ ਤਾਂ ਉਹ ਆਪਣੇ ਪਿੰਡ 'ਚ ਭੁੱਖ ਹੜਤਾਲ 'ਤੇ ਬਹਿ ਜਾਣਗੇ।

ਪ੍ਰਧਾਨ ਮੰਤਰੀ ਦਫ਼ਤਰ 'ਚ ਰਾਜ ਮੰਤਰੀ ਜਤੇਂਦਰ ਸਿੰਘ ਨੂੰ ਪੱਤਰ ਲਿਖਦਿਆਂ ਅੰਨਾ ਹਜ਼ਾਰੇ ਨੇ ਐਨਡੀਏ ਸਰਕਾਰ ਤੇ ਕੇਂਦਰ 'ਚ ਲੋਕਪਾਲ ’ਤੇ ਰਾਜਾਂ 'ਚ ਲੋਕਾਯੁਕਤ ਦੀ ਨਿਯੁਕਤੀ ਨੂੰ ਲੈ ਕੇ ਬਹਾਨੇਬਾਜ਼ੀ ਕਰਨ ਦਾ ਇਲਜ਼ਾਮ ਲਾਇਆ ਹੈ। ਹਜ਼ਾਰੇ ਨੇ ਕਿਹਾ ਕਿ ਨਰੇਂਦਰ ਮੋਦੀ ਸਰਕਾਰ ਨੇ ਪਹਿਲਾਂ ਕਿਹਾ ਸੀ ਕਿ ਲੋਕ ਸਭਾ 'ਚ ਵਿਰੋਧੀ ਧਿਰ ਦਾ ਨੇਤਾ ਨਹੀਂ। ਇਸ ਲਈ ਲੋਕਪਾਲ ਦੀ ਨਿਯੁਕਤੀ ਨਹੀਂ ਹੋ ਸਕਦੀ

ਇਸ ਤੋਂ ਬਾਅਦ ਕਿਹਾ ਗਿਆ ਕਿ ਚੋਣ ਕਮੇਟੀ 'ਚ ਕੋਈ ਪੁਖਤਾ ਨਿਯਮ ਵਿਧੀ ਨਹੀਂ ਹੈ। ਹਜ਼ਾਰੇ ਨੇ ਮੋਦੀ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਇਹ ਸਿਰਫ਼ ਬਹਾਨੇ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਮੌਜੂਦਾ ਸਾਲ 23 ਮਾਰਚ ਨੂੰ ਦਿੱਲੀ 'ਚ ਰਾਮਲੀਲਾ ਮੈਦਾਨ 'ਚ ਹੜਤਾਲ ਤੇ ਬੈਠੇ ਸਨ ਪਰ ਉਨ੍ਹਾਂ ਨੂੰ ਪੀਐਮਓ ਵੱਲੋਂ ਲਿਖਿਤ ਭਰੋਸਾ ਦਿੱਤਾ ਗਿਆ ਕਿ ਉਨ੍ਹਾਂ ਦੀ ਮੰਗ ਜਲਦ ਪੂਰੀ ਕਰ ਦਿੱਤੀ ਜਾਵੇਗੀ ਇਸ ਤੋਂ ਬਾਅਦ ਉਨ੍ਹਾਂ ਆਪਣੀ ਹੜਤਾਲ ਖ਼ਤਮ ਕਰ ਦਿੱਤੀ ਪਰ ਸਰਕਾਰ ਆਪਣੇ ਵਾਅਦੇ 'ਤੇ ਖਰੀ ਨਹੀਂ ਉੱਤਰੀ।