ਚੰਡੀਗੜ੍ਹ: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ਨੀਵਾਰ ਨੂੰ ਮੋਦੀ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ। ਦਰਅਸਲ ਉਨ੍ਹਾਂ ਨੂੰ ਆਸਟਰੀਆ ਦੇ ਦੌਰੇ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਸਿਸੋਦੀਆ ਨੇ ਉੱਥੇ ਦਿੱਲੀ ਦੇ ਸਕੂਲਾਂ ਵਿੱਚ ਆਪਣੀ ਸਰਕਾਰ ਵੱਲੋਂ ਲਾਏ ‘ਪ੍ਰਸੰਨਤਾ ਪਾਠਕ੍ਰਮ’ ਬਾਰੇ ਬੋਲਣ ਲਈ ਜਾਣਾ ਸੀ।

ਇਸ ਸਬੰਧੀ ਸਿਸੋਦੀਆ ਨੇ ਕਿਹਾ ਕਿ ਤਿੰਨ ਦਿਨਾਂ ਦੇ ਸੰਮੇਲਨ ਲਈ ਉਨ੍ਹਾਂ ਆਸਟਰੀਆ ਜਾਣਾ ਸੀ ਪਰ ਉਨ੍ਹਾਂ ਨੂੰ ਆਗਿਆ ਨਹੀਂ ਦਿੱਤੀ ਗਈ ਤੇ ਨਾ ਹੀ ਮਨਜ਼ੂਰੀ ਨਾ ਦੇਣ ਪਿੱਛੇ ਕੋਈ ਕਾਰਨ ਦੱਸਿਆ ਹੈ। ਉਨ੍ਹਾਂ ਨੇ ਸ਼ਨੀਵਾਰ ਰਾਤ ਨੂੰ ਰਵਾਨਾ ਹੋਣਾ ਸੀ। ਕੁਝ ਦਿਨ ਪਹਿਲਾਂ ਦਿੱਲੀ ਦੇ ਇੱਕ ਹੋਰ ਮੰਤਰੀ ਸਤੇਂਦਰ ਜੈਨ ਨੂੰ ਵੀ ਕੇਂਦਰ ਸਰਕਾਰ ਨੇ ਮਨਜ਼ੂਰੀ ਨਹੀਂ ਦਿੱਤੀ ਸੀ। ਜੈਨ ਨੇ ਸਿਡਨੀ ਵਿੱਚ ਇੱਕ ਯੂਨੀਵਰਸਿਟੀ ਦੇ ਸੱਦੇ ’ਤੇ ਆਸਟ੍ਰੇਲੀਆ ਜਾਣਾ ਸੀ।

ਸਿਸੋਦੀਆ ਨੇ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਚਲਾਏ ਜਾ ਰਹੇ ਸਕੂਲਾਂ ਵਿੱਚ ਪੇਸ਼ ‘ਹੈਪੀਨੈੱਸ ਕੈਰੀਕੁਲਮ’ ਨੇ ਸਕਾਰਾਤਮਕ ਨਤੀਜੇ ਵਿਖਾਉਣੇ ਸ਼ੁਰੂ ਕੀਤੇ ਹਨ। ਜੇ ਉਹ ਵਿਦੇਸ਼ ਵਿੱਚ ਆਪਣੇ ਸਿੱਖਿਆ ਮਾਡਲ ’ਤੇ ਬੋਲਦੇ ਤਾਂ ਦੇਸ਼ ਦਾ ਨਾਂ ਰੌਸ਼ਨ ਹੋਣਾ ਸੀ ਪਰ ਕੇਂਦਰ ਨੇ ਆਪਣੀ ਸਿਆਸਤ ਖੇਡ ਕੇ ਉਨ੍ਹਾਂ ਨੂੰ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ।

ਇਸ ਮੁੱਦੇ ’ਤੇ ਬੀਜੇਪੀ ਮੁਖੀ ਮਨੋਜ ਤਿਵਾਰੀ ਨੇ ਦਾਅਵਾ ਕੀਤਾ ਕਿ ਸਿਸੋਦੀਆ ਦੀ ਯਾਤਰਾ ਇਸ ਲਈ ਮਨਜ਼ੂਰ ਨਹੀਂ ਹੋਈ ਕਿਉਂਕਿ ਉਹ ਕਿਸੇ ਸਰਕਾਰੀ ਕੰਮ ਲਈ ਉੱਥੇ ਨਹੀਂ ਜਾ ਰਹੇ ਸੀ।