ਅੰਨਾ ਹਜ਼ਾਰੇ ਨੇ ਮੋਦੀ ਸਰਕਾਰ 'ਤੇ ਬਹਾਨੇਬਾਜ਼ੀ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਬੀਤੇ ਕੱਲ੍ਹ ਕਿਹਾ ਸੀ ਕਿ ਉਹ ਭਲਕੇ ਆਪਣੇ ਪਿੰਡ ਵਿੱਚ ਹੀ ਭੁੱਖ ਹੜਤਾਲ 'ਤੇ ਬੈਠ ਰਹੇ ਹਨ। ਉਨ੍ਹਾਂ ਇਸ ਭੁੱਖ ਹੜਤਾਲ ਨੂੰ ਕਿਸੇ ਵਿਅਕਤੀ ਜਾਂ ਪਾਰਟੀ ਵਿਰੋਧੀ ਹੋਣ ਤੋਂ ਇਨਕਾਰ ਕਰਦਿਆਂ ਲੋਕਾਂ ਦੇ ਹਿੱਤ ਵਿੱਚ ਦੱਸਿਆ। ਅੰਨਾ ਹਜ਼ਾਰੇ ਦੀਆਂ ਮੁੱਖ ਮੰਗਾਂ ਹਨ ਕਿ ਕੇਂਦਰ ਵਿੱਚ ਲੋਕਪਾਲ ਅਤੇ ਸੂਬਿਆਂ ਵਿੱਚ ਲੋਕਾਯੁਕਤ ਦੀ ਨਿਯੁਕਤੀ ਜਲਦ ਤੋਂ ਜਲਦ ਕੀਤੀ ਜਾਵੇ।
ਬਜ਼ੁਰਗ ਸਮਾਜ ਸੇਵੀ ਨੇ ਸਾਲ 2013 ਵਿੱਚ ਵੀ ਲੋਕਪਾਲ ਦੀ ਮੰਗ ਕਰਦਿਆਂ ਦਿੱਲੀ ਦੇ ਰਾਮ ਲੀਲ੍ਹਾ ਮੈਦਾਨ 'ਤੇ ਇਤਿਹਾਸਕ ਭੁੱਖ ਹੜਤਾਲ ਕੀਤੀ ਸੀ। ਇਸ ਅੰਦੋਲਨ ਸਾਹਮਣੇ ਕਾਂਗਰਸ ਸਰਕਾਰ ਨੂੰ ਝੁਕਣਾ ਪਿਆ ਸੀ ਤੇ ਬੀਜੇਪੀ ਦੇ ਸਮਰਥਨ ਨਾਲ ਲੋਕਪਾਲ ਕਾਨੂੰਨ ਬਣ ਗਿਆ। ਇਸ ਅੰਦੋਲਨ 'ਚੋਂ ਆਮ ਆਦਮੀ ਪਾਰਟੀ ਉਪਜੀ ਸੀ ਤੇ ਅਰਵਿੰਦ ਕੇਜਰੀਵਾਲ, ਕਿਰਨ ਬੇਦੀ ਤੇ ਆਦਰਸ਼ ਸ਼ਾਸਤਰੀ ਜਿਹੇ ਨੇਤਾ ਉੱਭਰੇ ਸਨ।
ਉੱਧਰ, ਬੀਤੇ ਕੱਲ੍ਹ ਭ੍ਰਿਸ਼ਟਾਚਾਰ ਰੋਕੂ ਸੰਸਥਾ ਲੋਕਪਾਲ ਦੇ ਮੈਂਬਰਾਂ ਦੀ ਚੋਣ ਲਈ ਬਣੀ ਅੱਠ ਮੈਂਬਰੀ ਕਮੇਟੀ ਨੇ ਵੀ ਆਪਣੀ ਪਹਿਲੀ ਬੈਠਕ ਕੀਤੀ। ਕਮੇਟੀ ਬਣਨ ਤੋਂ ਚਾਰ ਮਹੀਨਿਆਂ ਬਾਅਦ ਬੈਠਕ ਹੋਈ ਹੈ। ਬੀਤੀ 17 ਜਨਵਰੀ ਨੂੰ ਸੁਪਰੀਮ ਕੋਰਟ ਨੇ ਸਰਕਾਰ ਨੂੰ ਨਿਰਦੇਸ਼ ਦਿੱਤੇ ਸਨ ਕਿ ਲੋਕਪਾਲ ਮੁਖੀ ਤੇ ਮੈਂਬਰ ਉਮੀਦਵਾਰਾਂ ਦੇ ਨਾਂਵਾਂ ਦੀ ਸਿਫਾਰਸ਼ ਫਰਵਰੀ ਦੇ ਅੰਤ ਤਕ ਤਿਆਰ ਕੀਤੇ ਜਾਣ।