ਨਵੀਂ ਦਿੱਲੀ: ਥਲ ਸੈਨਾ ਦੇ ਮੁਖੀ ਜਨਰਲ ਐਮਐਮ ਨਰਵਾਣੇ ਨੇ ਚੀਨ ਤੇ ਪਾਕਿਸਤਾਨ ਦੀਆਂ ਸਰਹੱਦਾਂ 'ਤੇ ਤਾਇਨਾਤ ਤੇ ਕਸ਼ਮੀਰ "ਪ੍ਰਾਕਸੀ ਯੁੱਧ" ਦਾ ਮੁਕਾਬਲਾ ਕਰ ਰਹੇ ਜਵਾਨਾਂ ਨੂੰ ਚੌਵੀ ਘੰਟੇ ਚੌਕਸ ਰਹਿਣ ਨੂੰ ਕਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਜਵਾਨਾਂ ਨੂੰ ਭਰੋਸਾ ਦਵਾਇਆ ਕਿ ਵੱਖੋ-ਵੱਖ ਜ਼ਰੂਰਤਾਂ ਨੂੰ ਕਿਸੇ ਵੀ ਕੀਮਤ 'ਚ ਪੂਰਾ ਕੀਤਾ ਜਾਵੇਗਾ।

ਉਨ੍ਹਾਂ ਸੈਨਾ ਦਿਵਸ ਤੋਂ ਪਹਿਲੀ ਸ਼ਾਮ 13 ਲੱਖ ਜਵਾਨਾਂ ਦੀ ਫੌਜ ਨੂੰ ਦਿੱਤੇ ਸੰਦੇਸ਼ 'ਚ ਕਿਹਾ ਕਿ ਭਾਰਤੀ ਸੈਨਾ ਨੇ ਰਾਸ਼ਟਰੀ ਮਨ 'ਚ ਇੱਕ ਵਿਸ਼ੇਸ਼ ਥਾਂ ਬਣਾਈ ਹੈ। ਇਹ ਸਿਰਫ਼ ਇੱਕ ਲੜਾਕੂ ਸੰਗਠਨ ਜਾਂ ਰਾਸ਼ਟਰੀ ਸ਼ਕਤੀ ਦਾ ਔਜਾਰ ਨਹੀਂ।

ਸੈਨਾ ਮੁਖੀ ਨੇ ਕਿਹਾ ਕਿ ਭਾਰਤੀ ਸੈਨਾ ਦੀ ਪਹਿਲੀ ਜ਼ਿੰਮੇਵਾਰੀ ਹਮੇਸ਼ਾ ਤਿਆਰ ਰਹਿਣਾ ਹੈ। ਉਨ੍ਹਾਂ ਸਾਰੇ ਜਵਾਨਾਂ, ਖ਼ਾਸਕਰ ਪਾਕਿਸਤਾਨ, ਚੀਨ ਦੇ ਬਾਰਡਰਾਂ ਤੇ ਸਿਆਚਿਨ ਗਲੇਸ਼ੀਅਰ ਦੀ ਰੱਖਿਆ ਕਰਨ ਵਾਲੇ ਜਵਾਨਾਂ ਨੂੰ ਕਿਹਾ ਕਿ ਉਹ ਹਮੇਸ਼ਾ ਚੌਕਸ ਰਹਿਣ।