ਨਵੀਂ ਦਿੱਲੀ: ਭਾਰਤੀ ਫੌਜ ਦੇ ਸੀਨੀਅਰ ਅਧਿਕਾਰੀ ਨੇ ਪਾਕਿਸਤਾਨ ਨੂੰ ਚੀਨ ਦੀ ਵੱਡੀ ਪੁਲਾੜ ਸ਼ਕਤੀ ਕਰਾਰ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੋਵਾਂ ਗੁਆਂਢੀ ਦੇਸ਼ਾਂ (ਚੀਨ-ਪਾਕਿ) ਤੋਂ ਵਧਦੇ ਸੰਭਾਵੀ ਖ਼ਤਰੇ ਦੇ ਮੱਦੇਨਜ਼ਰ ਭਾਰਤ ਦੀ ਪੁਲਾੜ ਨੀਤੀ ਨੂੰ ਨਵੇਂ ਸਿਰਿਓਂ ਘੜਨ ਦੀ ਲੋੜ ਹੈ।


ਲੈਫਟੀਨੈਂਟ ਜਨਰਲ ਤਰਨਜੀਤ ਸਿੰਘ ਨੇ ਮੰਗਲਵਾਰ ਨੂੰ 5ਵੇਂ ਓਆਰਐਫ ਕਲਪਨਾ ਚਾਵਲਾ ਸਾਲਾਨਾ ਸਪੇਸ ਪਾਲਿਸੀ ਡਾਇਲੌਗ ਵਿੱਚ ਕਿਹਾ ਕਿ ਭਾਰਤ ਨੂੰ ਸੁਰੱਖਿਆ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਆਧੁਨਿਕ ਤਕਨੀਕ ਦਾ ਫਾਇਦਾ ਚੁੱਕਣਾ ਚਾਹੀਦਾ ਹੈ।

ਲੈਫਟੀਨੈਂਟ ਜਨਰਲ ਸਿੰਘ ਦੇ ਹਵਾਲੇ ਨਾਲ ਆਬਜ਼ਰਵਰ ਰਿਸਰਚ ਫਾਊਂਡੇਸ਼ਨ (ਓਆਰਐਫ) ਨੇ ਕਿਹਾ ਕਿ ਭਾਰਤ ਨੂੰ ਫੌਜ ਲੌਜਿਸਟਿਕ ਲਈ ਹੀ ਨਹੀਂ, ਬਲਕਿ ਹਥਿਆਰਾਂ ਤੇ ਮਿਜ਼ਾਈਲਾਂ ਦੀ ਤਾਇਨਾਤੀ ਵਿੱਚ ਵੀ ਪੁਲਾੜ ਤਕਨੀਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਚੀਨ ਤੇ ਪਾਕਿਸਤਾਨ ਦੀਆਂ ਗਤੀਵਿਧੀਆਂ ਦੇ ਮੱਦੇਨਜ਼ਰ ਪੁਲਾੜ ਨੀਤੀ ਨੂੰ ਦੁਬਾਰਾ ਤਿਆਰ ਕਰਨਾ ਜ਼ਰੂਰੀ ਹੋ ਗਿਆ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਚੀਨ ਨੇ ਹਾਲ ਹੀ ਵਿੱਚ ਕਮਿਊਨੀਕੇਸ਼ਨ ਲਈ ਕਵਾਂਟਮ ਸੈਟੇਲਾਈਟ ਲਾਂਚ ਕੀਤਾ ਹੈ। ਭਾਰਤ ਨੂੰ ਵੀ ਇਸੇ ਤਰ੍ਹਾਂ ਦੇ ਸੈਟੇਲਾਈਟ ਲਾਂਚ ਕਰਨ ਦੀ ਲੋੜ ਹੈ। ਸਿੰਘ ਮੁਤਾਬਕ ਚੀਨ ਦੇ ਏ-ਸੈੱਟ (ਪੁਲਾੜ ਵਿੱਚ ਸੈਟੇਲਾਈਟ ਡੇਗਣਾ) ਸਮਰਥਾ ਨੇ ਭਾਰਤ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ।