ਚੰਡੀਗੜ੍ਹ: ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਤੇ ਮਿਜ਼ੋਰਮ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਅੰਤਮ ਦੌਰ ਵਿੱਚ ਹਨ ਤੇ ਕਾਂਗਰਸ ਤਿੰਨ ਸੂਬਿਆਂ ਵਿੱਚ ਸਰਕਾਰ ਬਣਾਉਣ ਦੀ ਹਾਲਤ ਵਿੱਚ ਪਹੁੰਚ ਗਈ ਹੈ। ਕੀ ਇਸ ਵਾਰ ਰਾਹੁਲ ਦੀ ਨ੍ਹੇਰੀ ਸਾਹਮਣੇ ਮੋਦੀ ਲਹਿਰ ਵਿੱਚ ਉੱਸਰੇ ਕਿਲ੍ਹੇ ਢਹਿ ਗਏ..? ਜਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਂ 'ਤੇ ਵੋਟਾਂ ਮੰਗਣੀਆਂ ਹੀ ਬੀਜੇਪੀ ਲਈ ਨੁਕਸਾਨਦਾਇਕ ਰਹੀਆਂ? ਇਸ ਲਈ ਇਨ੍ਹਾਂ ਸੂਬਿਆਂ ਵਿੱਚ ਚੋਣ ਪ੍ਰਚਾਰ ਦਾ ਤਰੀਕਿਆਂ 'ਤੇ ਨਿਗ੍ਹਾ ਮਾਰਨ ਦੀ ਲੋੜ ਹੈ, ਜਿੱਥੇ ਕਾਂਗਰਸ ਨੇ ਆਪਣੀ ਪੂਰੀ ਤਾਕਤ ਲਾਈ ਹੋਈ ਸੀ।


ਬੀਜੇਪੀ ਦੇ ਸਟਾਰ ਪ੍ਰਚਾਰਕ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹੀ ਰਹੇ। ਮੋਦੀ ਨੇ ਰਾਜਸਥਾਨ ਵਿੱਚ ਕੁੱਲ 13 ਰੈਲੀਆਂ ਕੀਤੀਆਂ ਤੇ ਮੱਧ ਪ੍ਰਦੇਸ਼ ਵਿੱਚ 10 ਤੇ ਛੱਤੀਸਗੜ੍ਹ ਵਿੱਚ ਪੰਜ ਰੈਲੀਆਂ ਕੀਤੀਆਂ। ਉੱਧਰ, ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਰਾਜਸਥਾਨ ਵਿੱਚ ਕੁੱਲ 24, ਮੱਧ ਪ੍ਰਦੇਸ਼ ਵਿੱਚ 27 ਤੇ ਛੱਤੀਸਗੜ੍ਹ ਵਿੱਚ 19 ਰੈਲੀਆਂ ਕੀਤੀਆਂ। ਬੀਜੇਪੀ ਨੇ ਕਾਂਗਰਸ ਦੇ ਮੁਕਾਬਲੇ ਕਾਫੀ ਘੱਟ ਰੈਲੀਆਂ ਕੀਤੀਆਂ ਤੇ ਸੂਬਿਆਂ ਵਿੱਚ ਪਹਿਲਾਂ ਤੋਂ ਪਾਰਟੀ ਦੀ ਸਰਕਾਰ ਹੋਣ ਕਰਕੇ ਭਾਜਪਾ ਨੂੰ ਯਕੀਨ ਸੀ ਕਿ ਮੁੜ ਸੱਤਾ ਵਿੱਚ ਆਉਣਾ ਕੋਈ ਮੁਸ਼ਕਲ ਨਹੀਂ।

ਕਾਂਗਰਸ ਨੇ ਰੈਲੀਆਂ ਵਿੱਚ ਆਪਣੀ ਪੂਰੀ ਤਾਕਤ ਝੋਕਦਿਆਂ ਕੇਂਦਰ ਤੇ ਸੂਬਾ ਸਰਕਾਰਾਂ ਕੋਲੋਂ ਹੋਈਆਂ ਗ਼ਲਤੀਆਂ ਦਾ ਲਾਹਾ ਚੁੱਕਣ ਵਿੱਚ ਸਫ਼ਲਤਾ ਹਾਸਲ ਕਰ ਲਈ। ਮੰਗਲਵਾਰ ਸ਼ਾਮ ਸਾਢੇ ਪੰਜ ਵਜੇ ਤਕ ਦੇ ਰੁਝਾਨਾਂ ਮੁਤਾਬਕ ਕਾਂਗਰਸ ਨੇ ਛੱਤੀਸਗੜ੍ਹ (90 'ਚੋਂ 63 ਸੀਟਾਂ), ਰਾਜਸਥਾਨ (199 'ਚੋਂ 102 ਸੀਟਾਂ) ਤੇ ਮੱਧ ਪ੍ਰਦੇਸ਼ (230 'ਚੋਂ 116 ਸੀਟਾਂ) ਵਿੱਚ ਸਰਕਾਰ ਬਣਾਉਣ ਦੀ ਹਾਲਤ ਵਿੱਚ ਪਹੁੰਚ ਗਈ ਹੈ। ਤੇਲੰਗਾਨਾ ਵਿੱਚ ਟੀਆਰਐਸ ਤੇ ਮਿਜ਼ੋਰਮ ਵਿੱਚ ਐਮਐਨਐਫ ਦੀ ਸਰਕਾਰ ਬਣਨੀ ਤੈਅ ਹੈ।