ਰਵੀ ਇੰਦਰ ਸਿੰਘ
ਚੰਡੀਗੜ੍ਹ: ਪੰਜ ਸੂਬਿਆਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਰੁਝਾਨ ਹੁਣ ਨਤੀਜਿਆਂ ਵੱਲ ਵਧ ਰਹੇ ਹਨ ਤੇ ਹਰ ਥਾਂ 'ਤੇ ਕਾਂਗਰਸ ਨੇ ਬੀਜੇਪੀ ਨੂੰ ਸਖ਼ਤ ਟੱਕਰ ਦਿੱਤੀ ਹੈ। ਜ਼ਬਰਦਸਤ ਵਾਪਸੀ ਦੇ ਸੰਕੇਤ ਦਿੰਦਿਆਂ ਕਾਂਗਰਸ ਨੇ ਛੱਤੀਸਗੜ੍ਹ ਵਿੱਚ ਕਾਫੀ ਲੀਡ ਬਣਾ ਲਈ ਹੈ। ਦੂਜੇ ਸੂਬਿਆਂ ਵਿੱਚ ਵੀ ਭਾਜਪਾ ਨੂੰ ਕਰੜੀ ਟੱਕਰ ਦਿੱਤੀ ਹੈ। ਲੋਕ ਸਭਾ ਚੋਣਾਂ ਸਿਰ 'ਤੇ ਹੋਣ ਕਾਰਨ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਆਪਣੀ ਰਣਨੀਤੀ ਵਿੱਚ ਯਕੀਨੀ ਤੌਰ 'ਤੇ ਬਦਲਾਅ ਕਰਨੇ ਪੈਣਗੇ।
ਬੀਤੇ ਪੰਜ ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲੋਕ-ਲਭਾਊ ਯੋਜਨਾਵਾਂ ਜਾਰੀ ਕੀਤੀਆਂ ਹਨ ਜਿਨ੍ਹਾਂ ਵਿੱਚ ਗ਼ਰੀਬਾਂ ਲਈ ਮੁਫ਼ਤ ਰਸੋਈ ਗੈਸ ਕੁਨੈਕਸ਼ਨ ਤੋਂ ਇਲਾਵਾ ਮੈਡੀਕਲ ਬੀਮਾ ਆਦਿ ਸ਼ਾਮਲ ਹੈ ਪਰ ਜਾਪਦਾ ਹੈ ਕਿ ਇਹ ਯੋਜਨਾਵਾਂ ਜ਼ਮੀਨੀ ਪੱਧਰ ਤਕ ਪਹੁੰਚ ਨਹੀਂ ਰਹੀਆਂ। ਉੱਧਰ, ਚੰਗਾ ਪ੍ਰਦਰਸ਼ਨ ਕਰਨ ਵਾਲੀ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਰਾਹੁਲ ਗਾਂਧੀ ਦਾ ਅਕਸ ਇਨ੍ਹਾਂ ਚੋਣ ਨਤੀਜਿਆਂ ਕਾਰਨ ਸੁਧਰੇਗਾ। ਜੇਕਰ ਛੱਤੀਸਗੜ੍ਹ, ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਕਾਂਗਰਸ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਇਸ ਦਾ ਅਸਰ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ।
ਪਾਰਟੀ ਦੇ ਘੱਟ ਹੋਏ ਪ੍ਰਦਰਸ਼ਨ ਕਾਰਨ ਭਾਜਪਾ ਮੁਖੀ ਅਮਿਤ ਸ਼ਾਹ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਲਈ ਆਪਣੀ ਰਣਨੀਤੀ ਵਿੱਚ ਵੱਡੇ ਪੱਧਰ 'ਤੇ ਤਬਦੀਲੀਆਂ ਕਰਨ ਦੀ ਲੋੜ ਹੈ। ਇਸ ਦੀ ਜ਼ਿਆਦਾ ਜ਼ਰੂਰਤ ਇਸ ਕਰਕੇ ਵੀ ਪੈ ਰਹੀ ਹੈ, ਕਿਉਂਕਿ ਪਿਛਲੀ ਵਾਰ ਇਨ੍ਹਾਂ ਤਿੰਨਾਂ ਸੂਬਿਆਂ ਵਿੱਚ ਭਾਜਪਾ ਨੂੰ ਵੱਡੀ ਸਫ਼ਲਤਾ ਮਿਲੀ ਸੀ।
ਅਜਿਹੇ ਪ੍ਰਦਰਸ਼ਨ ਤੋਂ ਬਾਅਦ ਸਾਫ਼ ਹੈ ਕਿ ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ ਵਿੱਚ ਭਾਰਤੀ ਜਨਤਾ ਪਾਰਟੀ ਦੀ ਤਾਕਤ ਘੱਟ ਹੋ ਜਾਵੇਗੀ। ਬੀਤੇ ਕੱਲ੍ਹ ਐਨਡੀਏ ਛੱਡ ਚੁੱਕੇ ਕੇਂਦਰੀ ਮੰਤਰੀ ਉਪੇਂਦਰ ਕੁਸ਼ਵਾਹਾ ਨੇ ਸ਼ਿਕਾਇਤ ਕੀਤੀ ਸੀ ਕਿ ਪੂਰਨ ਬਹੁਮਤ ਮਿਲਣ ਤੋਂ ਬਾਅਦ ਬੀਜੇਪੀ ਨੂੰ ਲੱਗਦਾ ਸੀ ਕਿ ਉਸ ਨੂੰ ਹੋਰ ਸਹਿਯੋਗੀ ਦਲਾਂ ਦੀ ਲੋੜ ਨਹੀਂ ਹੈ ਪਰ ਹੁਣ ਵਿਧਾਨ ਸਭਾ ਨਤੀਜਿਆਂ ਤੋਂ ਬਾਅਦ ਬੀਜੇਪੀ ਨੂੰ ਸਿਰ ਜੋੜਨ ਦੀ ਸਖ਼ਤ ਜ਼ਰੂਰਤ ਹੈ।