ਚੰਡੀਗੜ੍ਹ: ਬਲਾਤਕਾਰੀ ਬਾਬੇ ਨਾਲ ਰਿਸ਼ਤਿਆਂ ਕਾਰਨ ਚਰਚਾ 'ਚ ਆਈ ਹਨਪ੍ਰੀਤ ਦੇ ਸਾਬਕਾ ਪਤੀ ਵਿਸ਼ਵਾਸ਼ ਗੁਪਤਾ ਨੂੰ ਬੀਤੀ ਰਾਤ ਅੰਬਾਲਾ ਤੇ ਕਰੂਕਸ਼ੇਤਰ ਵਿਚਕਾਰ ਨੈਸ਼ਨਲ ਹਾਈਵੇ ਕਥਿਤ ਡੇਰਾ ਪ੍ਰੇਮੀਆਂ ਵੱਲੋਂ ਘੇਰਿਆ ਤੇ ਹਮਲਾ ਕੀਤਾ ਗਿਆ। ਇਸ ਮੌਕੇ ਗੱਡੀ ਦੇ ਡਰਾਈਵਰ ਨੂੰ ਕੁੱਟਿਆ ਗਿਆ ਤੇ ਗੱਡੀ ਦੀ ਚਬੀ ਉਸ ਕੋਲੋਂ ਖੋਹੀ ਗਈ। ਦੱਸਣਯੋਗ ਹੈ ਕਿ ਕੱਲ੍ਹ ਹੀ ਵਿਸ਼ਵਾਸ਼ਗੁਪਤਾ ਨੇ ਕਿਹਾ ਸੀ ਕਿ ਉਸਦੀ ਪਤਨੀ ਰਹੀ ਹਨਪ੍ਰੀਤ ਦੇ ਗੁਰਮੀਤ ਰਾਮ ਰਹੀਮ ਨਾਲ ਨਜਾਇਜ਼ ਸਬੰਧ ਸਨ।
ਗੁਪਤਾ ਦਾ ਕਹਿਣਾ ਹੈ ਕਿ ਸ਼ੱਕੀ ਲੋਕ ਉਸਦੀ ਗੱਡੀ ਦਾ ਪਿੱਛਾ ਕਰ ਰਹੇ ਸੀ ਤੇ ਵਾਇਰਲੈਸ ਨਾਲ ਕਿਤੇ ਸੁਨੇਹੇ ਵੀ ਭੇਜ ਰਹੇ ਸੀ। ਇਸ ਮੌਕੇ ਗੁਪਤ ਦੇ ਪਿਤਾ ਨੇ ਪੰਚਕੁਲਾ ਪੁਲੀਸ ਨੂੰ ਫੋਨ ਕੀਤਾ ਤੇ ਬਾਅਦ 'ਚ ਇਹ ਲੋਕ ਭੱਜ ਗਏ। ਗੁਪਤਾ ਦਾ ਇਹ ਵੀ ਕਹਿਣਾ ਹੈ ਕਿ ਚੰਡੀਗੜ੍ਹ ਪ੍ਰੈਸ ਕਾਨਫਰੰਸ ਲਈ ਆਉਂਦਿਆਂ ਵੀ ਉਸ ਨੂੰ ਦੋ ਥਾਵਾਂ 'ਤੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਉਨ੍ਹਾਂ ਦੇ ਸੁਰੱਖਿਆ ਗਾਰਡਾਂ ਨੇ ਕਿਸੇ ਨਾ ਕਿਸੇ ਤਰੀਕੇ ਗੱਡੀਆਂ ਕੱਢੀਆਂ। ਉਨ੍ਹਾਂ ਕਿਹਾ ਕਿ ਉਹ ਕਰਨਾਲ ਪੁਲਿਸ ਨੂੰ ਹਮਲੇ ਦੀ ਸ਼ਿਕਾਇਤ ਕਰਨਗੇ।
ਦੱਸਣਯੋਗ ਹੈ ਕਿ ਗੁਪਤਾ ਨੇ ਪਹਿਲਾਂ ਹੀ ਬਾਬੇ ਬਾਰੇ ਅਜਿਹੇ ਖੁਲਾਸੇ ਕੀਤੇ ਸੀ ਪਰ ਡੇਰੇ ਦੇ ਦਬਾਅ ਕਾਰਨ ਉਸ ਨੇ ਆਪਣੇ ਬਿਆਨ ਵਾਪਸ ਲੈ ਲਏ ਸਨ। ਉਸਦਾ ਕਹਿਣਾ ਹੈ ਡੇਰੇ ਦੇ ਲੋਕ ਉਸ ਦਾ ਕਦੇ ਵੀ ਕਤਲ ਕਰਵਾ ਸਕਦੇ ਹਨ।