ਨਵੀਂ ਦਿੱਲੀ: ਸਵਾਮੀ ਅਗਨੀਵੇਸ਼ ’ਤੇ ਇੱਕ ਵਾਰ ਫਿਰ ਹਮਲਾ ਕੀਤਾ ਗਿਆ ਹੈ। ਸਵਾਮੀ ਅਗਨੀਵੇਸ਼ ਮੁਤਾਬਕ ਅੱਜ ਜਦੋਂ ਉਹ ਦਿੱਲੀ ਵਿੱਚ ਭਾਜਪਾ ਦਫਤਰ ਵਿੱਚ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦੇਣ ਲਈ ਪੁੱਜੇ ਤਾਂ ਕੁਝ ਲੋਕਾਂ ਦੇ ਸਮੂਹ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇੱਕ ਮਹੀਨੇ ਵਿੱਚ ਸਵਾਮੀ ਅਗਨੀਵੇਸ਼ ’ਤੇ ਇਹ ਦੂਜਾ ਹਮਲਾ ਹੈ। ਇਸ ਤੋਂ ਪਹਿਲਾਂ ਝਾਰਖੰਡ ਵਿੱਚ ਭਾਜਪਾ ਯੁਵਾ ਮੋਰਚਾ ਵਰਕਰਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਸੀ।
ਸਵਾਮੀ ਅਗਨੀਵੇਸ਼ ਨੇ ਦੱਸਿਆ ਕਿ ਉਹ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦੇਣ ਲਈ ਪੁੱਜੇ ਸਨ ਜਿੱਥੇ ਪੁਲਿਸ ਦੀ ਪੂਰੀ ਵਿਵਸਥਾ ਸੀ। ਇਸੇ ਦੌਰਾਨ ਜਦੋਂ ਉਹ ਪੌੜੀਆਂ ਤੋਂ ਉੱਤਰ ਰਹੇ ਸੀ ਤਾਂ ਇੱਕ ਗੁੱਟ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇੱਕ ਖਬਰ ਚੈਨਲ ਨੂੰ ਉਨ੍ਹਾਂ ਦੱਸਿਆ ਕਿ ਗੁੱਟ ਵਿੱਚ ਕਾਫੀ ਲੋਕ ਸਨ। ਉਨ੍ਹਾਂ ਨੇ ਸਵਾਮੀ ਦੀ ਕੁੱਟਮਾਰ ਕੀਤੀ ਤੇ ਮੰਦੇ ਸ਼ਬਦ ਵੀ ਬੋਲੇ।
ਸਵਾਮੀ ਅਗਨੀਵੇਸ਼ ਮੁਤਾਬਕ ਹਮਲਾਵਰ ਬੋਲ ਰਹੇ ਸਨ ਕਿ ਇਹ ਗੱਦਾਰ ਹੈ, ਇਸ ਨੂੰ ਕੁੱਟੋ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ।